ਇਹ ਬਜਟ ਹਵਾਬਾਜ਼ੀ ਖੇਤਰ ਲਈ ਚੰਗਾ ਰਿਹਾ ਹੈ। ਸਰਕਾਰ ਨੇ ਇਸ ਸੈਕਟਰ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ ਅਤੇ ਦੱਸਿਆ ਕਿ ਸਰਕਾਰ ਇਸ ਦੇ ਵਿਕਾਸ ਲਈ ਕੀ ਕਰਨ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪਿਛਲੇ 10 ਸਾਲਾਂ ‘ਚ ਹਵਾਬਾਜ਼ੀ ਖੇਤਰ ਦੇ ਤੇਜ਼ੀ ਨਾਲ ਵਿਕਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੌਜੂਦਾ ਹਵਾਈ ਅੱਡਿਆਂ ਦਾ ਵਿਸਥਾਰ ਅਤੇ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਰਹੇਗਾ। ਵਿੱਤੀ ਸਾਲ 2024-25 ਲਈ ਅੰਤਰਿਮ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਦੇ ਅੰਦਰ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਕੇ 149 ਹੋ ਗਈ ਹੈ।
ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰੀ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ ਅਤੇ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ ਲਗਾਤਾਰ ਵਧ ਰਹੀ ਹੈ। ਮੌਜੂਦਾ ਹਵਾਈ ਅੱਡਿਆਂ ਦਾ ਵਿਸਥਾਰ ਅਤੇ ਨਵੇਂ ਹਵਾਈ ਅੱਡਿਆਂ ਦਾ ਵਿਕਾਸ ਤੇਜ਼ੀ ਨਾਲ ਜਾਰੀ ਰਹੇਗਾ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਉਡਾਨ ਸਕੀਮ ਤਹਿਤ ਟੀਅਰ-ਟੂ ਅਤੇ ਟੀਅਰ-3 ਸ਼ਹਿਰਾਂ ਵਿੱਚ ਹਵਾਈ ਸੰਪਰਕ ਦਾ ਵੱਡੇ ਪੱਧਰ ‘ਤੇ ਵਿਸਤਾਰ ਕੀਤਾ ਗਿਆ ਹੈ। ਦੇਸ਼ ‘ਚ 517 ਨਵੇਂ ਹਵਾਈ ਮਾਰਗਾਂ ‘ਤੇ 1.3 ਕਰੋੜ ਯਾਤਰੀ ਸਫਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਨੇ 1,000 ਤੋਂ ਵੱਧ ਨਵੇਂ ਜਹਾਜ਼ਾਂ ਲਈ ਸਰਗਰਮੀ ਨਾਲ ਆਰਡਰ ਦਿੱਤੇ ਹਨ। ਤਿੰਨ ਘਰੇਲੂ ਏਅਰਲਾਈਨਾਂ – ਏਅਰ ਇੰਡੀਆ, ਇੰਡੀਗੋ ਅਤੇ ਅਕਾਸਾ ਏਅਰ – ਨੇ ਮਿਲ ਕੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕੁੱਲ 1,120 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਪਿਛਲੇ ਮਹੀਨੇ ਅਕਾਸਾ ਏਅਰ ਨੇ 150 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਏਅਰ ਇੰਡੀਆ ਅਤੇ ਇੰਡੀਗੋ ਨੇ ਮਿਲ ਕੇ ਬੋਇੰਗ ਅਤੇ ਏਅਰਬੱਸ ਤੋਂ ਕੁੱਲ 970 ਜਹਾਜ਼ਾਂ ਦਾ ਆਰਡਰ ਦਿੱਤਾ ਸੀ।