ਦਿ ਸਿਟੀ ਹੈਡਲਾਈਨ
ਲੁਧਿਆਣਾ, 7 ਜਨਵਰੀ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ’ਚ ਜਾਅਲੀ ਬਿੱਲਾਂ ਦੇ ਜਰੀਏ ਪੈਸੇ ਟ੍ਰਾਂਸਫਰ ਕਰਨ ਦਾ ਘੁਟਾਲਾ ਸਾਹਮਣੇ ਆਇਆ ਹੈ। ਇਸ ਘੁਟਾਲੇ ਵਿੱਚ ਨਗਰ ਨਿਗਮ ਦੇ ਹੀ ਮੁਲਾਜ਼ਮਾਂ ਨੇ 1 ਕਰੋੜ 75 ਲੱਖ ਰੁਪਏ ਦੇ ਜਾਅਲੀ ਬਿੱਲਾਂ ਦੇ ਜਰੀਏ ਨਗਰ ਨਿਗਮ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ। ਜਦੋਂ ਇਹ ਮਾਮਲਾ ਨਗਰ ਨਿਗਮ ਅਧਿਕਾਰੀਆਂ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪÇੁਲਸ ਨੇ ਨਗਰ ਨਿਗਮ ਦੇ ਅਫ਼ਸਰ ਗੁਲਸ਼ਨ ਰਾਏ ਦੀ ਸ਼ਿਕਾਇਤ ’ਤੇ ਜਲੰਧਰ ’ਚ ਤੈਨਾਤ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਜ਼ੋਨ-ਬੀ ਹੇਮਰਾਜ, ਅਮਲਾ ਕਲਰਕ ਹਰਸ਼ ਗਰੋਵਰ, ਮਨੀਸ਼ ਮਲਹੋਤਰਾ, ਸਫ਼ਾਈ ਸੇਵਕ ਕਮਲ ਕੁਮਾਰ, ਮਿੰਟੂ ਕੁਮਾਰ ਤੇ ਰਮੇਸ਼ ਕੁਮਾਰ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ 44 ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਦੇ ਖਾਤਿਆਂ ਵਿੱਚ ਇਹ ਪੈਸੇ ਟਰਾਂਸਫਰ ਕੀਤੇ ਗਏ ਸਨ।
ਨਗਰ ਨਿਗਮ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਪੁੱਜੀ ਸੀ ਕਿ ਮੁਲਜ਼ਮਾਂ ਨੇ 2 ਸਾਲ ’ਚ 44 ਲੋਕਾਂ ਦੇ ਜਾਅਲੀ ਸਟੈਪ-ਅੱਪ ਬਿੱਲ ਤਿਆਰ ਕਰ ਉਨ੍ਹਾਂ ਨੂੰ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਨਗਰ ਨਿਗਮ ਦੇ ਸਕਾਰੀ ਖਾਤਿਆਂ ’ਚੋਂ ਵੱਖ-ਵੱਖ ਖਾਤਿਆਂ ’ਚ ਕਰੀਬ ਪੌਣੇ 2 ਕਰੋੜ ਰੁਪਏ ਟ੍ਰਾਂਸਫਰ ਕਰ ਲਏ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਕਈ ਮੁਲਾਜ਼ਮਾਂ ਦੇ ਨਾਮ ’ਤੇ ਜਾਅਲੀ ਬਿੱਲ ਤਿਆਰ ਕਰ ਰੱਖੇ ਹਨ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਨਾਲ ਗੱਲ ਕੀਤੇ, ਇਸਦੀ ਜਾਂਚ ਸ਼ੁਰੂ ਕਰਵਾ ਦਿੱਤੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਮੁਲਜ਼ਮਾਂ ’ਤੇ ਲੱਗੇ ਦੋਸ਼ ਸਹੀ ਹਨ। ਇਨ੍ਹਾਂ 7 ਮੁਲਜ਼ਮਾਂ ਤੋਂ ਇਲਾਵਾ 12 ਨਗਰ ਨਿਗਮ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਹੋਰ ਸਾਹਮਣੇ ਆ ਰਹੀ ਹੈ, ਜਿੰਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਜਿੰਨ੍ਹਾਂ ਮੁਲਜ਼ਮਾਂ ਦੀ ਬਦਲੀ ਹੋਈ ਹੈ, ਜਿਸ ਸਮੇਂ ਘੁਟਾਲਾ ਹੋਇਆ,ਉਹ ਉਸ ਵੇਲੇ ਲੁਧਿਆਣਾ ਨਗਰ ਨਿਗਮ ’ਚ ਤੈਨਾਤ ਸਨ। ਮੁਲਜ਼ਮਾਂ ’ਤੇ ਲਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਦੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਨਗਰ ਨਿਗਮ ਅਧਿਕਾਰੀਆਂ ਵੱਲੋਂ ਜਾਂਚ ਦੌਰਾਨ ਪਤਾ ਲੱਗਿਆ ਕਿ ਘੁਟਾਲੇ ਦੇ ਮਾਮਲੇ ’ਚ ਕਾਗਜ਼ਾਂ ਨਾਲ ਵੀ ਛੇੜਛਾੜ ਹੋਈ ਹੈ। ਉਸ ਸਮੇਂ ਦੇ ਮੈਡੀਕਲ ਅਫ਼ਸਰ ਨੂੰ ਵੀ ਜਾਂਚ ਦੇ ਘੇਰੇ ’ਚ ਲਿਆ ਗਿਆ ਹੈ। ਉਧਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮਲੇ ’ਚ ਬਾਹਰ ਤੋਂ ਆਡਿਟ ਕਰਵਾਉਣ ਦੀ ਸਿਫ਼ਾਰਿਸ਼ ਵੀ ਕੀਤੀ ਹੈ, ਉਨ੍ਹਾਂ ਦੇ ਅਨੁਸਾਰ 2021 ਤੋਂ 2023 ਦੇ ਵਿਚਕਾਰ ਜਿੰਨ੍ਹੀ ਵੀ ਅਦਾਇਗੀ ਹੋਈ ਹੈ, ਉਸਦੀ ਜਾਂਚ ਹੋਵੇਗੀ। ਮੁਲਜ਼ਮਾਂ ਤੋਂ ਨਿਗਮ ਦੇ ਪੈਸੇ ਵਸੂਲੇ ਜਾਣਗੇ।