Saturday, October 5, 2024
spot_img

ਦੁਸਹਿਰੇ ਮੇਲੇ ਦੀ ਸਰੁੱਖਿਆ, ਕਿਤੇ ਤੀਜੀ ਅੱਖ ਨਾਲ ਰੱਖਣਗੇ ਨਜ਼ਰ ਤੇ ਕਿਤੇ ਸਾਦੀ ਵਰਦੀ ‘ਚ ਤੈਨਾਤ ਰਹੇਗੀ ਪੁਲਿਸ !

Must read

ਲੁਧਿਆਣਾ, 4 ਅਕਤੂਬਰ। ਦੁਸਹਿਰੇ ਦੇ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੱਗਣ ਵਾਲੇ ਮੇਲਿਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਾਰ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਪੁਲੀਸ ਨੇ ਸੁਰੱਖਿਆ ਦੇ ਅਜਿਹੇ ਇੰਤਜ਼ਾਮ ਕੀਤੇ ਹਨ ਕਿ ਕਈ ਥਾਵਾਂ ’ਤੇ ਪੁਲੀਸ ਤੀਜੀ ਅੱਖ ਨਾਲ ਨਜ਼ਰ ਰੱਖ ਰਹੀ ਹੈ ਅਤੇ ਕਈ ਥਾਵਾਂ ’ਤੇ ਪੁਲੀਸ ਨੇ ਸਾਦੀ ਵਰਦੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਇਸ ਤੋਂ ਇਲਾਵਾ ਪੁਲੀਸ ਵੱਲੋਂ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਾਲ ਹੀ ਮੇਲੇ ਦੇ ਠੇਕੇਦਾਰਾਂ ਅਤੇ ਮੇਲਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਗਾਤਾਰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਪੁਲੀਸ ਸਾਫ਼ ਤੌਰ ’ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਹੀ ਹੈ ਮੇਲੇ ’ਚ ਕਿਸੇ ਨੂੰ ਵੀ ਲਾਵਾਰਿਸ ਸਮਾਨ ਨਜ਼ਰ ਆਵੇ ਤਾਂ ਉਹ ਖੁਦ ਹਟਾਉਣ ਦੀ ਬਜਾਏ ਤਰੁੰਤ ਇਸ ਦੀ ਸੂਚਨਾ ਪੁਲੀਸ ਨੂੰ ਦਿਓ ਤਾਂ ਜੋ ਕੋਈੇ ਅਣਹੋਣੀ ਨਾ ਹੋਵੇ। ਪੁਲੀਸ ਨੇ ਸ਼ਹਿਰ ਦੇ ਇਤਿਹਾਸਕ ਮੈਦਾਨ ਦਰੇਸੀ, ਸਿਵਲ ਲਾਈਨ, ਜਮਾਲਪੁਰ, ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਕਿਚਲੂ ਨਗਰ, ਨੇੜੇ ਪੁਰਾਣੀ ਕਚਹਿਰੀ ਅਤੇ ਹੋਰ ਥਾਵਾਂ ’ਤੇ ਹੋਣ ਵਾਲੇ ਮੁੱਖ ਦੁਸਹਿਰਾ ਮੇਲੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਹਨ ਅਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਦੁਸਹਿਰੇ ਦਾ ਤਿਉਹਾਰ ਇਸ ਵਾਰ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਸਬੰਧ ਵਿਚ ਸ਼ਹਿਰ ਵਿਚ ਕਈ ਥਾਵਾਂ ’ਤੇ ਮੇਲੇ ਲਗਾਏ ਗਏ ਹਨ। ਵੱਡੇ-ਵੱਡੇ ਝੂਲੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਆਈਟਮਾਂ ਦੇਖਣ ਲਈ ਲੋਕ ਦੇਖਣ ਲਈ ਵੀ ਤਿਆਰ ਹਨ। ਮੇਲੇ ਵਿੱਚ ਆਉਣ ਵਾਲੀ ਭਾਰੀ ਭੀੜ ਨੂੰ ਲੈ ਕੇ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੈ। ਪੁਲੀਸ ਨੇ ਮੇਲੇ ਦੇ ਅੰਦਰ ਪਾਰਕਿੰਗ ਦੇ ਸਮੁੱਚੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਇਤਿਹਾਸਕ ਦਰੇਸੀ ਮੈਦਾਨ ਜਿੱਥੇ ਪਿਛਲੇ ਸੌ ਸਾਲਾਂ ਤੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹਨ। ਮੁੱਖ ਗੇਟ ਤੋਂ ਲੈ ਕੇ ਮੈਦਾਨ ਤੱਕ ਵੱਖ-ਵੱਖ ਥਾਵਾਂ ’ਤੇ ਪੁਲੀਸ ਬੈਠੀ ਹੈ ਨਾਲ ਹੀ ਸਾਦੀ ਵਰਦੀ ਵਿੱਚ ਵੀ ਮੁਲਾਜ਼ਮ ਤਾਇਨਾਤ ਹਨ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਪੁਲੀਸ ਤੀਜੀ ਅੱਖ ਨਾਲ ਵੀ ਮੇਲੇ ’ਚ ਆਉਣ ਵਾਲੇ ਲੋਕਾਂ ’ਤੇ ਵੀ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪ੍ਰਾਚੀਨ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਦੇ ਸਾਹਮਣੇ ਕਾਲਜ ਗਰਾਊਂਡ ਵਿੱਚ ਵੀ ਦੁਸਹਿਰਾ ਮੇਲਾ ਲਗਾਇਆ ਗਿਆ ਹੈ। ਉਥੇ ਵੀ ਬਾਹਰੋਂ ਲੈ ਕੇ ਅੰਦਰ ਤੱਕ ਪੁਲੀਸ ਦਾ ਸਖ਼ਤ ਪਹਿਰਾ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਸਿਵਲ ਲਾਇਨਜ਼ ਅਤੇ ਹੋਰ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।

ਕੀ ਕਹਿੰਦੇ ਹਨ ਪੁਲੀਸ ਅਧਿਕਾਰੀ?

ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਇਲਾਕੇ ਵਿੱਚ ਮੇਲਾ ਲੱਗਦਾ ਹੈ, ਉਸ ਇਲਾਕੇ ਦੇ ਥਾਣਾ ਇੰਚਾਰਜ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਰੋਜ਼ਾਨਾ ਰਿਪੋਰਟ ਦੇ ਰਹੇ ਹਨ। ਜਿਸ ਹਿਸਾਬ ਨਾਲ ਉਥੇ ਸੁਰੱਖਿਆ ਦੀ ਜਰੂਰਤ ਹੈ, ਉਸ ਹਿਸਾਬ ਨਾਲ ਹੀ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਲਾ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਬਾਕੀ ਲੁਧਿਆਣਾ ਪੁਲੀਸ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਲੋਕਾਂ ਦੇ ਸਾਥ ਦੀ ਲੋੜ ਹੈ ਅਤੇ ਲੋਕਾਂ ਨੂੰ ਆਪਣਾ ਤਿਉਹਾਰ ਚੰਗੀ ਤਰ੍ਹਾਂ ਮਨਾਉਣ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article