ਪੰਜਾਬ ਪੀਰਾਂ ਫ਼ਕੀਰਾਂ ਦੀ ਧਰਤੀ ਹੈ। ਪੰਜਾਬ ‘ਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਪਿੰਡ ਦੇ ਕਿਸੇ ਦੇ ਘਰ ਵਿੱਚ ਵੀ ਮੀਟ, ਮੱਛੀ ਅਤੇ ਆਂਡਾ ਨਹੀਂ ਬਣਾਇਆ ਜਾਂਦਾ। ਇਹ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ‘ਚ ਸ਼ਾਕਾਹਾਰੀ ਪਿੰਡ ਵਜੋਂ ਜਾਣਿਆ ਜਾਂਦਾ ਹੈ। ਗੜ੍ਹਸ਼ੰਕਰ ‘ਚ ਪਿੰਡ ਦਦਿਆਲ ਜਿੱਥੇ ਕਿਸੇ ਘਰ ‘ਚ ਮੀਟ, ਮੱਛੀ ਨਹੀਂ ਬਣਦਾ ਅਤੇ ਪਿੰਡ ‘ਚ ਕੋਈ ਸ਼ਿਕਾਰ ਨਹੀਂ ਕਰ ਸਕਦਾ। ਇਸ ਇਲਾਕੇ ‘ਚ ਪੁਰਾਣੇ ਸਮੇਂ ਤੋਂ ਬਾਬਾ ਹਸਨਦਾਸ ਜੀ ਦੇ ਨਾਮ ਤੋਂ ਇੱਕ ਧਾਰਮਿਕ ਡੇਰਾ ਸ਼ੁਸ਼ੋਬਿਤ ਹੈ।
ਇਸ ਪਿੰਡ ‘ਚ ਮਾਸਾਹਾਰੀ ਚੀਜ਼ਾਂ ਦੀ ਸਖਤ ਮਨਾਹੀ ਹੈ ਜੇਕਰ ਕੋਈ ਇਹ ਸਭਦੀ ਵਰਤੋਂ ਕਰਦਾ ਹੈ ਤਾਂ ਉਸ ਘਰ ਦਾ ਘਾਟਾ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਜਾਂਦਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਮਾਨਤਾ ਬਣੀ ਹੋਈ ਹੈ ਉਹ ਉਨ੍ਹਾਂ ਦੇ ਪੁਰਾਣੇ ਬਜ਼ਰੁਗਾਂ ਤੋਂ ਹੀ ਚੱਲਦੀ ਆ ਰਹੀ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ‘ਚ ਨਾ ਹੀ ਕੋਈ ਸ਼ਿਕਾਰ ਖੇਡ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਖੇਡਣ ਦਿੱਤਾ ਜਾਂਦਾ ਹੈ। ਪਿੰਡ ਵਾਲਿਆਂ ਵੱਲੋਂ ਇਸ ਸਭ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਪਿੰਡ ਦਦਿਆਲ ਦੇ ਲੋਕਾਂ ਦਾ ਮੰਨਣਾ ਹੈ ਕਿ ਪਿੰਡ ਵਿੱਚ ਜੇਕਰ ਕੋਈ ਵੀ ਇਸ ਮਾਨਤਾ ਦੇ ਖਿਲਾਫ਼ ਜਾਂਦਾ ਹੈ ਤਾਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ।