ਦਿ ਸਿਟੀ ਹੈੱਡ ਲਾਈਨਸ
ਰਾਏਕੋਟ/ਫਿਲੌਰ, 29 ਜਨਵਰੀ : ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਦਿਲ ਦੇ ਦੌਰੇ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣਾ ਪੰਜਾਬ ਵਾਸੀਆਂ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹੀ ਹੀ ਇੱਕ ਖ਼ਬਰ ਰਾਏਕੋਟ ਦੇ ਪਿੰਡ ਤਾਜਪੁਰ ਤੋਂ ਆਈ ਹੈ। ਪ੍ਰਦੀਪ ਸਿੰਘ ਖੰਗੂੜਾ (27) ਅਕਤੂਬਰ 2022 ਵਿੱਚ ਯੂ.ਕੇ ਵਿੱਚ ਪੜ੍ਹਾਈ ਕਰਨ ਗਿਆ ਸੀ, ਦੀ 22 ਜਨਵਰੀ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਕੈਪਟਨ ਬਲਜਿੰਦਰ ਸਿੰਘ ਅਤੇ ਸਰਪੰਚ ਵਰਿੰਦਰ ਸਿੰਘ ਤਾਜਪੁਰ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਜੋ 15 ਅਕਤੂਬਰ 2022 ਨੂੰ ਇੰਗਲੈਂਡ ਦੇ ਲਿਸਟਰ ਸ਼ਹਿਰ ਵਿੱਚ ਪੜ੍ਹਾਈ ਕਰਨ ਗਿਆ ਸੀ ,
ਨੂੰ ਕਰੀਬ ਦੋ ਮਹੀਨੇ ਪਹਿਲਾਂ ਸਿਹਤ ਸੰਬੰਧੀ ਕੁਝ ਸਮੱਸਿਆ ਆਈ ਸੀ, ਪ੍ਰੰਤੂ ਉਸ ਤੋਂ ਬਾਅਦ ਹੁਣ ਉਹ ਠੀਕ ਹੋ ਗਿਆ ਸੀ ਅਤੇ ਹੁਣ 22 ਜਨਵਰੀ ਨੂੰ ਉਹਨਾਂ ਨੂੰ ਉਹ ਮੰਦਭਾਗੀ ਖਬਰ ਮਿਲੀ ਕਿ ਪ੍ਰਦੀਪ ਸਿੰਘ ਖੰਗੂੜਾ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ। ਉਨਾਂ ਸਰਕਾਰ ਅਤੇ ਐਨਆਰਆਈ ਭਰਾਵਾਂ ਤੋਂ ਮੰਗ ਕੀਤੀ ਕਿ ਮ੍ਰਿਤਕ ਪ੍ਰਦੀਪ ਸਿੰਘ ਦੀ ਦੇਹ ਨੂੰ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ।
ਅਜਿਹੀ ਹੀ ਇੱਕ ਹੋਰ ਦੁਖਦਾਈ ਖ਼ਬਰ ਜਲੰਧਰ ਜ਼ਿਲ੍ਹੇ ਦੇ ਕਸਬਾ ਫਿਲੌਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਦੇਵ ਰਾਜ (38) ਵਾਸੀ ਪਿੰਡ ਅਕਲਪੁਰ ਫਿਲੌਰ ਵਜੋਂ ਹੋਈ ਹੈ।