ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 19 ਜਨਵਰੀ : ਪੰਜਾਬ ਸਰਕਾਰ ਨੇ ਕਿਰਤ ਵਿਭਾਗ ਨੂੰ ਨੋਟੀਫਿਕੇਸਨ ਜਾਰੀ ਕਰਦਿਆਂ ਹਦਾਇਤ ਜਾਰੀ ਕੀਤੀ ਹੈ ਕਿ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ‘ਚ ਬੋਰਡ ਨਾਂ ਲਿਖਣ ਵਾਲਿਆਂ ਨੂੰ ਹੁਣ ਭਾਰੀ ਜੁਰਮਾਨਾ ਕੀਤਾ ਜਾਵੇਗਾ।
ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬੀ ਭਾਸ਼ਾ ‘ਚ ਨਾਂ ਬੋਰਡ ਲਿਖੇ ਜਾਣ ਦੀਆਂ ਸਰਕਾਰੀ ਹਦਾਇਤਾਂ ਬਾਰੇ ਸਮੂਹ ਅਦਾਰਿਆਂ, ਦੁਕਾਨਦਾਰਾਂ ਨੂੰ ਸਮੇਂ ਸਮੇਂ ਤੇ ਸੂਚਿਤ ਕੀਤਾ ਜਾਂਦਾ ਹੈ। ਹੁਣ ਨਵੇਂ ਹੁਕਮਾਂ ਦੇ ਅਨੁਸਾਰ ਬੋਰਡਾਂ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਣ ਦੀਆਂ ਹਦਾਇਤਾਂ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਵਾਉਣ ਲਈ ਸਰਕਾਰ ਵਲੋਂ ਕਿਰਤ ਵਿਭਾਗ ਦੇ ਐਕਟ ‘ਪੰਜਾਬ ਰਾਜ ਦੁਕਾਨਾਂ ਅਤੇ ਵਪਾਰਕ ਸਥਾਪਨਾ ਨਿਯਮ 2023 ਰਾਂਹੀਂ ਨਾਂ ਬੋਰਡ ਪੰਜਾਬੀ ਭਾਸ਼ਾ ਵਿੱਚ ਨਾ ਲਿਖਣ ਵਾਲੇ ਅਦਾਰਿਆਂ ਨੂੰ ਜੁਰਮਾਨਾ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।
ਇਸ ਵਿਵਸਥਾ ਅਨੁਸਾਰ ਪਹਿਲੀ ਵਾਰ ਉਲੰਘਣਾ ਕਰਨ ਤੇ 1000 ਰੁਪਏ ਤੇ ਦੂਜੀ ਵਾਰ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਕੋਈ ਵੀ ਅਦਾਰਾ ਜਾਂ ਦੁਕਾਨਦਾਰ ਆਪਣੇ ਅਦਾਰੇ ਜਾਂ ਦੁਕਾਨ ਦਾ ਨਾਂ ਬੋਰਡ ਪੰਜਾਬੀ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਲਿਖਣਾ ਚਾਹੁੰਦਾ ਹੈ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਕਰ ਕੇ ਲਿਖ ਸਕਦਾ ਹੈ। ਪੰਜਾਬ ਸਰਕਾਰ ਨੇ ਸਮੂਹ ਪੰਜਾਬ ਵਾਸੀਆਂ ਨੂੰ ਪੰਜਾਬੀ ਭਾਸ਼ਾ ਦੇ ਮਾਣ ਸਤਿਕਾਰ ਵਿੱਚ ਵਾਧੇ ਲਈ ਆਪੋ ਆਪਣੇ ਯਤਨ ਕਰਨ ਦੀ ਅਪੀਲ ਕੀਤੀ ਹੈ।