ਦੀਵਾਲੀ ਨੇੜੇ ਆਉਂਦੀ ਹੈ, ਜੂਆ ਖੇਡਣ ਵਾਲੇ ਕੋਈ ਨਾ ਕੋਈ ਸੁੰਨਸਾਨ ਜਗਾ ਦੇਖ ਕੇ ਜੂਆ ਖੇਡਣਾ ਸ਼ੁਰੂ ਕਰ ਦਿੰਦੇ ਹਨ। ਕਈ ਲੋਕ ਪੈਸਾ ਲਗਾ ਕੇ ਸ਼ਰੇਆਮ ਜੂਆ ਖੇਡਦੇ ਹਨ। ਸੀਆਈਏ ਟੂ ਦੀ ਟੀਮ ਨੇ ਸੱਤ ਮੁਲਜ਼ਮਾਂ ਨੂੰ ਸ਼ਰੇਆਮ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਵਿਜੈ ਨਗਰ ਪੁਲੀ ਨੇੜੇ ਸਟਰੀਟ ਲਾਈਟ ਹੇਠਾਂ ਤੋ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਜੂਏਬਾਜ਼ਾਂ ਦੇ ਕਬਜ਼ੇ ’ਚੋਂ ਵੀਹ ਹਜ਼ਾਰ ਪੰਜ ਸੋ ਰੁਪਏ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਟਿੱਬਾ ਰੋਡ ਗੁਰਮੇਲ ਪਾਰਕ ਦੇ ਰਹਿਣ ਵਾਲੇ ਜੁਗਿੰਦਰ ਸਿੰਘ, ਸਚਿਨ ਵਾਸੀ ਹਰਚਰਨ ਨਗਰ, ਬੇਅੰਤ ਸਿੰਘ ਵਾਸੀ ਹਰਚਰਨ ਨਗਰ, ਗੁਰਦੇਵ ਸਿੰਘ ਵਾਸੀ ਟਿੱਬਾ ਰੋਡ ਗੀਤਾ ਨਗਰ, ਹਰਜਿੰਦਰ ਕੁਮਾਰ, ਮੁਹੱਲਾ ਜਗਦੀਸ਼ਪੁਰਾ ਦੇ ਰਹਿਣ ਵਾਲੇ ਰਾਮ ਕੁਮਾਰ ਅਤੇ ਵਿਜੇ ਕੁਮਾਰ ਵਾਸੀ ਗੀਤਾ ਨਗਰ ਦੇ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਕਤ ਸਾਰੇ ਮੁਲਜ਼ਮ ਸਟਰੀਟ ਲਾਈਟ ਦੇ ਹੇਠਾਂ ਸ਼ਰੇਆਮ ਜੂਆ ਖੇਡ ਰਹੇ ਸਨ। ਕਿਸੇ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੀ.ਆਈ.ਏ.2 ਦੀ ਟੀਮ ਨੇ ਤੁਰੰਤ ਛਾਪਾ ਮਾਰ ਕੇ ਸਾਰਿਆਂ ਨੂੰ ਜੂਆ ਖੇਡਦੇ ਹੋਏ ਕਾਬੂ ਕਰ ਲਿਆ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੀਹ ਹਜ਼ਾਰ ਪੰਜ ਸੋ ਰੁਪਏ ਵੀ ਬਰਾਮਦ ਕੀਤੇ। ਪੁਲੀਸ ਅਨੁਸਾਰ ਸਾਰੇ ਮੁਲਜ਼ਮ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਸ਼ਰੇਆਮ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ। ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਧਮਕੀਆਂ ਵੀ ਦਿੰਦੇ ਸੀ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।