ਲੁਧਿਆਣਾ ‘ਚ ਦੀਵਾਲੀ ਵਾਲੀ ਰਾਤ ਨਸ਼ਾ ਤਸਕਰਾਂ ਨੇ ਇਕ ਪਰਿਵਾਰ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਛੱਤ ਵੱਲ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀਆਂ ਅਤੇ ਇਲਾਕੇ ਦੇ ਹੋਰ ਲੋਕਾਂ ਨੇ ਦੱਸਿਆ ਕਿ ਹਮਲਾਵਰ ਇਲਾਕੇ ਵਿੱਚ ਚਿੱਟੇ ਵੇਚਦੇ ਹਨ। ਜੇ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਵਿਰੁੱਧ ਰੰਜਿਸ਼ ਰੱਖਦੇ ਹਨ। ਹਮਲਾਵਰਾਂ ਨੂੰ ਸ਼ੱਕ ਸੀ ਕਿ ਸ਼ਾਇਦ ਪੀੜਤ ਪਰਿਵਾਰ ਉਨ੍ਹਾਂ ਵੱਲੋਂ ਨਸ਼ਾ ਵੇਚਣ ਬਾਰੇ ਪੁਲੀਸ ਨੂੰ ਸੂਚਿਤ ਕਰੇਗਾ।
ਇਸੇ ਰੰਜਿਸ਼ ਦੇ ਚੱਲਦਿਆਂ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਪਟਾਕੇ ਚਲਾਉਣ ਦੇ ਬਹਾਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ। ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਦੀਵਾਲੀ ਮੌਕੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਇਲਾਕੇ ਦੇ ਕੁਝ ਨੌਜਵਾਨ ਆ ਗਏ ਅਤੇ ਗਾਲੀ-ਗਲੋਚ ਕਰਨ ਲੱਗੇ। ਸਾਰੇ ਨੌਜਵਾਨ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਪੀੜਤ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਵੀ ਹਮਲਾਵਰ ਇਲਾਕੇ ‘ਚ ਹੰਗਾਮਾ ਕਰਦੇ ਸਨ ਪਰ ਦੇਰ ਰਾਤ ਕਰੀਬ 10 ਤੋਂ 15 ਵਿਅਕਤੀ ਤਲਵਾਰਾਂ ਲੈ ਕੇ ਉਨ੍ਹਾਂ ਦੇ ਘਰ ‘ਚ ਦਾਖਲ ਹੋਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੇ ਭਰਾ ਰਿੱਕੀ ਕੁਮਾਰ, ਪਿਤਾ ਅਸ਼ੋਕ ਕੁਮਾਰ ਅਤੇ ਘਰ ਦੀਆਂ ਔਰਤਾਂ ’ਤੇ ਹਮਲਾ ਕਰ ਦਿੱਤਾ। ਮੌਕੇ ‘ਤੇ ਭਰਾ ਰਿੱਕੀ ਦੀ ਹਾਲਤ ਨਾਜ਼ੁਕ ਬਣ ਗਈ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ।