ਆਜ਼ਾਦੀ ਦਿਹਾੜੇ ਵਾਲੇ ਦਿਨ 15 ਅਗਸਤ ਨੂੰ ਦੂਜੇ ਸੂਬਿਆਂ ਤੋਂ ਦਿੱਲੀ ਆਉਣ ਵਾਲੇ ਭਾਰੀ, ਮਾਧਿਅਮ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਜਿਸ ਨੂੰ ਲੈਕੇ ਪੰਜਾਬ ਦੇ ਟਰਾਂਸਪੋਰਟਰ ਕਾਫੀ ਚਿੰਤਤ ਹਨ। ਕਿਉਂਕਿ ਅਚਾਨਕ ਟਰੱਕਾਂ ਨੂੰ ਦਿੱਲੀ ਬਾਰਡਰ ‘ਤੇ ਰੋਕੇ ਜਾਣ ਨਾਲ ਟਰੱਕਾਂ ਦੀ ਪਾਰਕਿੰਗ ਦੀ ਸਮੱਸਿਆ ਤਾਂ ਪੈਦਾ ਹੋਵੇਗੀ ਹੀ, ਉੱਥੇ ਹੀ ਸਾਮਾਨ ਲੱਦੇ ਟਰੱਕਾਂ ਦੀ ਸੁਰੱਖਿਆ ਦੇ ਨਾਲ-ਨਾਲ ਸਮੇਂ ਸਿਰ ਨਾ ਪਹੁੰਚਣ ਦੀ ਸਮੱਸਿਆ ਵੀ ਪੈਦਾ ਹੋਵੇਗੀ। ਇਸ ਸਬੰਧੀ ਆਲ ਇੰਡੀਆ ਮੋਟਰ ਐਂਡ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕਪੂਰ ਨੇ ਉਪ ਰਾਜਪਾਲ ਅਤੇ ਦਿੱਲੀ ਪੁਲਿਸ ਕਮਿਸ਼ਨਰ ਦੇ ਨਾਲ-ਨਾਲ ਹੋਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ ਅਸੀਂ ਇਸ ਸਾਲਾਨਾ ਸਮਾਰੋਹ ‘ਤੇ ਮਾਣ ਮਹਿਸੂਸ ਕਰਦੇ ਹਾਂ ਜਿਸ ਨੂੰ ਪ੍ਰਧਾਨ ਮੰਤਰੀ ਵੱਲੋਂ ਇਤਿਹਾਸਕ ਲਾਲ ਕਿਲੇ ਤੋਂ ਤਿਰੰਗਾ ਲਹਿਰਾ ਕੇ ਮਨਾਇਆ ਜਾਂਦਾ ਹੈ। ਇਹ ਦਿਨ ਸਾਡੀ ਏਕਤਾ ਤੇ ਆਜ਼ਾਦੀ ਦਾ ਪ੍ਰਤੀਕ ਹੈ ਤੇ ਅਸੀਂ ਇਨ੍ਹਾਂ ਜਸ਼ਨਾਂ ਦੌਰਾਨ ਸੁਰੱਖਿਆ ਦੀ ਅਤਿ ਲੋੜ ਨੂੰ ਸਮਝਦੇ ਹਾਂ।