ਨਵੀਂ ਦਿੱਲੀ: ਦਿੱਲੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਵੱਡਾ ਐਲਾਨ ਕੀਤਾ ਹੈ। ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਕਾਂਗਰਸ ਨੇ ਸੱਤਾ ‘ਚ ਆਉਣ ‘ਤੇ ਹਰ ਔਰਤ ਨੂੰ 2500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸੋਮਵਾਰ ਨੂੰ ਪਿਆਰੀ ਦੀਦੀ ਸਕੀਮ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦਾ ਐਲਾਨ ਕਰਦੇ ਹੋਏ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਉਹ ਸੱਤਾ ‘ਚ ਆਉਣ ਤੋਂ ਬਾਅਦ ਪਹਿਲੀ ਕੈਬਨਿਟ ਬੈਠਕ ‘ਚ ਇਸ ਯੋਜਨਾ ਨੂੰ ਮਨਜ਼ੂਰੀ ਦੇਣਗੇ।
ਇਸ ਮੌਕੇ ਦਿੱਲੀ ਕਾਂਗਰਸ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਸਮਾਜ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ਪਹਿਲੀ ਗਾਰੰਟੀ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਮਾਜ ਭਲਾਈ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਹਮੇਸ਼ਾ ਤਤਪਰ ਰਹੀ ਹੈ। ਨਿਜ਼ਾਮੂਦੀਨ ਨੇ ਕਿਹਾ ਕਿ ਕਰਨਾਟਕ ‘ਚ ਵੀ ਸਰਕਾਰ ਬਣਦੇ ਹੀ ਕਾਂਗਰਸ ਨੇ ਪਹਿਲੀ ਕੈਬਨਿਟ ‘ਚ ਸਮਾਜ ਭਲਾਈ ਦੀ ਆਪਣੀ ਯੋਜਨਾ ਤੈਅ ਕਰਕੇ ਲਾਗੂ ਕੀਤੀ ਸੀ। ਇਸ ਲਈ ਮਹਿਲਾ ਸਸ਼ਕਤੀਕਰਨ ਲਈ ਦਿੱਲੀ ਵਿੱਚ ਕਾਂਗਰਸ ਜ਼ਰੂਰੀ ਹੈ।