ਸੋਨੇ ਦੀ ਤਸਕਰੀ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਤੋਂ 7.8 ਕਰੋੜ ਰੁਪਏ ਦੇ 10 ਕਿਲੋ ਸੋਨੇ ਦੇ ਸਿੱਕੇ ਜ਼ਬਤ ਕੀਤੇ। 43 ਅਤੇ 45 ਸਾਲ ਦੇ ਦੋ ਯਾਤਰੀ 5 ਫਰਵਰੀ ਨੂੰ ਮਿਲਾਨ ਤੋਂ ਫਲਾਈਟ AI-138 ਰਾਹੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਨੂੰ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਰੋਕਿਆ ਗਿਆ ਸੀ। ਰਿਪੋਰਟ ਅਨੁਸਾਰ ਦੋਵੇਂ ਕਸ਼ਮੀਰ ਦੇ ਵਸਨੀਕ ਹਨ।
ਹਵਾਈ ਅੱਡੇ ਦੇ ਇੱਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਮਾਨ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪਰ ਨਿੱਜੀ ਤਲਾਸ਼ੀ ਲੈਣ ‘ਤੇ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਦੋ ਕਮਰ ਪੱਟੀਆਂ ‘ਚ ਛੁਪੇ ਸੋਨੇ ਦੇ ਸਿੱਕੇ ਬਰਾਮਦ ਹੋਏ। ਅਧਿਕਾਰੀਆਂ ਨੇ 10.092 ਕਿਲੋਗ੍ਰਾਮ ਸੋਨੇ ਦੇ ਸਿੱਕੇ ਜ਼ਬਤ ਕੀਤੇ, ਜਿਸ ਦੀ ਕੀਮਤ ਲਗਭਗ 7.8 ਕਰੋੜ ਰੁਪਏ ਹੈ। ਦੋਵਾਂ ਯਾਤਰੀਆਂ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਗਿਆ ਹੈ।