ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ 31 ਦਸੰਬਰ ਨੂੰ PAU ਲੁਧਿਆਣਾ ਦੇ ਫੁੱਟਬਾਲ ਗਰਾਊਂਡ ਵਿੱਚ ਹੋਣ ਵਾਲੇ ਲਾਈਵ ਕੰਸਰਟ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਪ੍ਰੋਗਰਾਮ ‘ਚ 45 ਹਜ਼ਾਰ ਦੇ ਕਰੀਬ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਜਿਨ੍ਹਾਂ ਦੀ ਸੁਰੱਖਿਆ ਲਈ ਕਰੀਬ ਦੋ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਦਲਜੀਤ ਦੁਸਾਂਝ ਦੀ ਸੁਰੱਖਿਆ ਡਬਲ ਹੋਵੇਗੀ। ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸ਼ਿਰਕਤ ਕਰਨਗੇ।
ਇਸ ਦੇ ਨਾਲ ਹੀ ਦਿੱਲੀ, ਚੰਡੀਗੜ੍ਹ ਸਮੇਤ ਹੋਰ ਕਈ ਰਾਜਾਂ ਤੋਂ ਵੀ.ਵੀ.ਆਈ.ਪੀਜ਼ ਵੀ ਸ਼ੋਅ ਦੇਖਣ ਲਈ ਪੀਏਯੂ ਪਹੁੰਚ ਰਹੇ ਹਨ। ਪੀਏਯੂ ਅੰਦਰ ਦਰਸ਼ਕਾਂ ਲਈ ਪਾਰਕਿੰਗ ਦੀ ਵਿਵਸਥਾ ਵੀ ਟਿਕਟ ਦੇ ਆਧਾਰ ‘ਤੇ ਹੋਵੇਗੀ। ਇਸ ਤੋਂ ਇਲਾਵਾ ਪੀਏਯੂ ਦੇ ਬਾਹਰ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਜਾਣਗੇ। ਬੁੱਧਵਾਰ ਨੂੰ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਡੀਸੀਪੀ ਸ਼ੁਭਮ ਅਗਰਵਾਲ, ਏਡੀਸੀਪੀ ਗੁਰਪ੍ਰੀਤ ਕੌਰ ਅਤੇ ਹੋਰ ਕਈ ਅਧਿਕਾਰੀਆਂ ਨੇ ਪੀਏਯੂ ਫੁੱਟਬਾਲ ਗਰਾਊਂਡ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕੀਤਾ। ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਦਿੱਤੇ ਵੇਰਵਿਆਂ ਅਨੁਸਾਰ ਸ਼ੋਅ ਦੌਰਾਨ 45 ਤੋਂ 50 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ 15 ਮਿੰਟ ਦੇ ਅੰਦਰ ਹੀ ਟਿਕਟਾਂ ਵਿਕਣ ਤੋਂ ਬਾਅਦ ਫੁੱਟਬਾਲ ਗਰਾਊਂਡ ‘ਚ ਇਕ ਲੇਨ ਬਣਾਈ ਗਈ ਹੈ, ਜਿਸ ਨੂੰ ਬ੍ਰਾਊਨਜ਼ ਲੇਨ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ 10 ਹਜ਼ਾਰ ਕੁਰਸੀਆਂ ਹੋਰ ਲਗਾਈਆਂ ਜਾ ਰਹੀਆਂ ਹਨ।
ਟਿਕਟਾਂ ਖਰੀਦਣ ਵਾਲੇ ਦਰਸ਼ਕਾਂ ਦੀ ਐਂਟਰੀ ਪੀਏਯੂ ਦੇ ਕਿਸੇ ਵੀ ਗੇਟ ਤੋਂ ਹੋ ਸਕਦੀ ਹੈ। ਪਰ ਕੰਸਰਟ ਵਾਲੀ ਥਾਂ ਤੋਂ 500 ਮੀਟਰ ਪਹਿਲਾਂ ਵੱਖ-ਵੱਖ ਥਾਵਾਂ ‘ਤੇ 6 ਮਸ਼ੀਨਾਂ ਲਗਾਈਆਂ ਗਈਆਂ ਹਨ | ਦਰਸ਼ਕਾਂ ਨੂੰ ਉਨ੍ਹਾਂ ਦੀ ਟਿਕਟ ਦੇ ਨਾਲ ਇੱਕ ਬੈਂਡ ਮਿਲੇਗਾ ਜਿਸ ਵਿੱਚ ਇੱਕ ਸਕੈਨਿੰਗ ਕੋਡ ਹੋਵੇਗਾ। ਜੇਕਰ ਦਰਸ਼ਕ ਉਕਤ ਬੈਂਡ ਨੂੰ ਮਸ਼ੀਨ ‘ਤੇ ਲਗਾਉਣਗੇ ਤਾਂ ਲਾਕ ਖੁੱਲ੍ਹ ਜਾਵੇਗਾ ਅਤੇ ਦਰਸ਼ਕਾਂ ਦੀ ਐਂਟਰੀ ਹੋ ਜਾਵੇਗੀ। ਬਿਨਾਂ ਬੈਂਡ ਦੇ ਕਿਸੇ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਜਿਨ੍ਹਾਂ ਨੂੰ ਦਿਲਜੀਤ ਦੇ ਸ਼ੋਅ ‘ਤੇ ਜਾਣ ਲਈ ਟਿਕਟਾਂ ਨਹੀਂ ਮਿਲ ਸਕੀਆਂ, ਉਹ ਹੁਣ ਆਪਣੇ ਨਜ਼ਦੀਕੀ ਅਧਿਕਾਰੀਆਂ ਤੋਂ ਟਿਕਟਾਂ ਦੀ ਮੰਗ ਕਰ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੇ 20 ਤੋਂ 25 ਦੋਸਤ ਇਸ ਪ੍ਰੋਗਰਾਮ ਕਾਰਨ ਨਾਰਾਜ਼ ਹੋ ਗਏ ਹਨ। ਪਰ ਉਹ ਇਹ ਨਹੀਂ ਸਮਝ ਰਹੇ ਕਿ ਟਿਕਟ ਦੇ ਹਿਸਾਬ ਨਾਲ ਲੋਕਾਂ ਨੂੰ ਪੀਏਯੂ ਅੰਦਰ ਐਂਟਰੀ ਮਿਲੇਗੀ। ਪੀਏਯੂ ਦੇ ਬਾਹਰ ਪਾਰਕਿੰਗ ਦੇ ਪ੍ਰਬੰਧ ਵੀ ਕੀਤੇ ਜਾਣਗੇ। ਪਰ ਲੋਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਬੰਧ ਨਾਕਾਫ਼ੀ ਸਾਬਤ ਹੋ ਸਕਦੇ ਹਨ। ਟਰੈਫਿਕ ਦੇ ਪ੍ਰਬੰਧ ਲਈ 250 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਉਂਕਿ 50 ਹਜ਼ਾਰ ਦੇ ਕਰੀਬ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਦੇ ਵਾਹਨਾਂ ਨੂੰ ਸੰਭਾਲਣ ਵਿੱਚ ਵੀ ਦਿੱਕਤ ਆ ਸਕਦੀ ਹੈ।