ਡੀਲਰ ਪਰਮਜੀਤ ਮਹਿਤਾ ਦਫਤਰ ’ਚ ਇਕੱਲਾ ਬੈਠਾ ਸੀ, ਡਾਬਾ ਪੁਲੀਸ ਨੇ ਕੀਤਾ ਮਾਮਲਾ ਦਰਜ
ਲੁਧਿਆਣਾ, 6 ਸਤੰਬਰ : ਡਾਬਾ ਲੋਹਾਰਾ ਇਲਾਕੇ ’ਚ ਸਥਿਤ ਗਿੱਲ ਕਾਲੋਨੀ ’ਚ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਇਕ ਪ੍ਰਾਪਰਟੀ ਡੀਲਰ ਦੇ ਦਫਤਰ ’ਚ ਦਾਖਲ ਹੋ ਕੇ ਪਿਸਤੌਲ ਦੀ ਨੋਕ ’ਤੇ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਕੁਝ ਹੀ ਮਿੰਟਾਂ ’ਚ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜਦੋਂ ਤੱਕ ਪ੍ਰਾਪਰਟੀ ਡੀਲਰ ਕੁਝ ਵੀ ਕਰ ਪਾਉਂਦਾ, ਉਦੋਂ ਤੱਕ ਮੁਲਜ਼ਮ ਉਥੋਂ ਫ਼ਰਾਰ ਹੋ ਚੁੱਕਾ ਸੀ। ਜਿਸ ਤੋਂ ਬਾਅਦ ਪ੍ਰਾਪਰਟੀ ਡੀਲਰ ਪਰਮਜੀਤ ਮਹਿਤਾ ਨੇ ਇਸ ਦੀ ਸੂਚਨਾ ਥਾਣਾ ਡਾਬਾ ਨੂੰ ਦਿੱਤੀ। ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਲੁੱਟ-ਖੋਹ ਸਮੇਤ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ। ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਰਮਜੀਤ ਮਹਿਤਾ ਦਾ ਲੋਹਾਰਾ ਰੋਡ ’ਤੇ ਗਿੱਲ ਕਾਲੋਨੀ ’ਚ ਪ੍ਰਾਪਰਟੀ ਡੀਲਰ ਦਫ਼ਤਰ ਹੈ। ਇਸੇ ਦੌਰਾਨ ਬਾਈਕ ਸਵਾਰ ਤਿੰਨ ਨੌਜਵਾਨ ਉਨ੍ਹਾਂ ਦੇ ਦਫ਼ਤਰ ਅੱਗੇ ਆ ਕੇ ਰੁਕੇ, ਜਿਵੇਂ ਹੀ ਉਹ ਦਫ਼ਤਰ ਅੰਦਰ ਦਾਖ਼ਲ ਹੋਏ ਤਾਂ ਮੁਲਜ਼ਮਾਂ ਨੇ ਕੋਈ ਗੱਲ ਨਹੀਂ ਕੀਤੀ ਅਤੇ ਉਸ ਵੱਲ ਪਿਸਤੌਲ ਤਾਣ ਦਿੱਤਾ। ਜਦੋਂ ਉਸ ਨੇ ਫੋਨ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਮੁਲਜ਼ਮਾਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਸ ਕੋਲੋਂ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਪਰਮਜੀਤ ਅਨੁਸਾਰ ਜਦੋਂ ਤੱਕ ਉਹ ਬਾਹਰ ਆ ਕੇ ਰੌਲਾ ਪਾਉਂਦਾ, ਮੁਲਜ਼ਮ ਬਾਈਕ ਸਟਾਰਟ ਕਰਕੇ ਫ਼ਰਾਰ ਹੋ ਚੁੱਕੇ ਸਨ। ਜਿਸ ਤੋਂ ਬਾਅਦ ਉਸ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਡਾਬਾ ਦੀ ਐਸਐਚਓ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।