ਲੁਧਿਆਣਾ, 6 ਅਗਸਤ : ਜਗਰਾਓਂ ‘ਚ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ, ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਰਾਏਕੋਟ ਰੋਡ ‘ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਹਾਦਸੇ ‘ਚ ਇੱਕ ਬੱਚੇ ਦੀ ਮੌਤ ਤੇ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਬੱਚਿਆਂ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਗਏ। ਹਾਦਸੇ ਕਾਰਨ ਇੱਕ ਕਿਲੋਮੀਟਰ ਤੱਕ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ।