ਸਿੱਖ ਦਸਤਾਰ ਦਿਵਸ ਸਾਰੇ ਸੰਸਾਰ ਵਿੱਚ 13 ਅਪਰੈਲ ਨੂੰ ਮਨਾਇਆ ਜਾਂਦਾ ਹੈ। ਅੱਜ ਜਦੋਂ ਸਾਰੇ ਸੰਸਾਰ ਵਿੱਚ ਦਸਤਾਰ ਪ੍ਰਤੀ ਚੇਤਨਤਾ ਵਧ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਾਰੇ ਵਿਅਕਤੀ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੇ ਆਪਣਾ ਧਿਆਨ ਦਸਤਾਰ ਵੱਲ ਕਰ ਲਿਆ ਹੈ। ਦਸਤਾਰ, ਪੱਗ ਜਾਂ ਪਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ | ‘ਦਸਤਾਰ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਦਸਤਾਰ ਦਾ ਸਿੱਖੀ ਨਾਲ ਬੜਾ ਗੂੜ੍ਹਾ ਸਬੰਧ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ’ਤੇ ਦਸਤਾਰ ਬੰਨ੍ਹਦੇ ਸਨ। ਹੱਜ ’ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿੱਚੋਂ ਵੀ ਸਵੈ-ਪਛਾਣ ਕਰਾਉਂਦਾ ਹੈ।
ਦਸਤਾਰ ਦਿਵਸ ਕਿਉਂ
ਸਿੱਖ ਦਸਤਾਰ ਦਿਵਸ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਦਸਤਾਰ ਦਾ ਤਿਆਗ ਕਰ ਚੁੱਕੇ ਜਾਂ ਪਰਿਵਾਰਾਂ ਦੇ ਅਵੇਸਲੇਪਨ ਕਰਕੇ ਦਸਤਾਰਾਂ ਤੋਂ ਅਨਜਾਣ ਹੋ ਗਏ ਬੱਚਿਆਂ ਨੂੰ ਦਸਤਾਰ ਲਈ ਪ੍ਰੇਰਿਆ ਜਾ ਸਕੇ। ਹਰੇਕ ਸਿੱਖ ‘ਸਿੱਖ ਦਸਤਾਰ ਦਿਵਸ’ ਨੂੰ ਆਪਣੀ ਕੌਮ ਦੇ ਨੌਜਵਾਨਾਂ ਅੰਦਰ ਪ੍ਰੇਰਨਾ ਤੇ ਦਸਤਾਰ ਪ੍ਰਤੀ ਉਤਸ਼ਾਹ ਭਰਨ ਅਤੇ ਦੂਜੀਆਂ ਕੌਮਾਂ ਨੂੰ ਦਸਤਾਰ ਦੀ ਵਿਲੱਖਣਤਾ ਬਾਰੇ ਜਾਣਕਾਰੀ ਦੇਣ ਲਈ ਸਮਰਪਿਤ ਹੋਵੇ।
ਦੱਖਣੀ ਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਦੇਸ਼ਾਂ ਵਿਚ ਮਰਦਾਂ ਲਈ ਸਿਰ ਢੱਕਣ ਦਾ ਵਿਸ਼ੇਸ਼ ਤਰੀਕਾ ਪੱਗ ਬੰਨ੍ਹਣਾ ਹੈ। ਪੱਗ ਦਾ ਧਾਰਨ ਕਰਨਾ ਸਮਾਜਿਕ ਰੀਤ ਤੋਂ ਲੈ ਕੇ ਧਾਰਮਿਕ ਮਰਿਆਦਾ ਦੇ ਰੂਪ ਵਿਚ ਵੀ ਸਥਾਪਤ ਹੋ ਚੁੱਕਾ ਹੈ। ਪੱਗ ਸਵੈ ਵਿਸ਼ਵਾਸ, ਸਵੈਮਾਨ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚੱਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ। ਪੰਜਾਬ ਦੇ ਸੱਭਿਆਚਾਰ ਵਿੱਚ ਵੀ ਕਿਸੇ ਬਜ਼ੁਰਗ ਦੇ ਮਰਨ ਸਮੇਂ ਪੁੱਤਰ ਨੂੰ ਭਾਈਚਾਰੇ ਵੱਲੋਂ ਜਿੰਮੇਵਾਰੀ ਦੀ ਦਸਤਾਰ ਬਨ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ।