ਅੰਮ੍ਰਿਤਸਰ, 14 ਜੁਲਾਈ : ਗੁਰੂ ਨਗਰੀ ਅੰਮ੍ਰਿਤਸਰ ‘ਚ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਆਪਣੀ ਆਸਥਾ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ। ਲੇਕਿਨ ਪਿਛਲੇ ਕੁਝ ਸਮੇਂ ਤੋਂ ਦਰਬਾਰ ਸਾਹਿਬ ਦੇ ਨਜ਼ਦੀਕ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਗਈਆਂ ਹਨ, ਹਾਲਾਂਕਿ ਸਮੇਂ-ਸਮੇਂ ਤੇ ਪੁਲਿਸ ਵਲੋਂ ਇਹਨਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ। ਫਿਰ ਵੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ 13 ਜੁਲਾਈ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਪਰਿਵਾਰ ਅਸਾਮ ਤੋਂ ਮੱਥਾ ਟੇਕਣ ਪਹੁੰਚਿਆ। ਜਦੋਂ ਉਹ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਹੋਟਲ ਵਿੱਚ ਜਾ ਰਹੇ ਸਨ ਤਾਂ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੋਲ ਦੀ ਨੋਕ ਦੇ ਉੱਪਰ ਉਹਨਾਂ ਤੋਂ ਲੁੱਟ ਕੀਤੀ ਗਈ। ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਸ਼ਰਧਾਲੂ ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਹੋਟਲ ਵਿੱਚ ਜਾ ਰਹੇ ਸਨ। ਇਸ ਦੌਰਾਨ ਰਸਤੇ ਦੇ ਵਿੱਚ ਦੋ ਲੁਟੇਰਿਆਂ ਵਲੋਂ ਉਹਨਾਂ ਨੂੰ ਪਿਸਤੋਲ ਦੀ ਨੋਕ ਤੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਸ਼ਰਧਾਲੂ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਨੇ ਉਸਦੀ ਮੰਮੀ ਦੀ ਗੱਲ ਦੀ ਚੈਨੀ ਖੋਹ ਲਈ ਅਤੇ ਉਸਦੇ ਕੋਲੋਂ ਕੈਸ਼ ਪੈਸੇ ਵੀ ਖੋਹ ਲਏ, ਨਜ਼ਦੀਕ ਲੱਗਾ ਸੀਸੀਟੀਵੀ ਕੈਮਰਾ ਦੇਖ ਕੇ ਫਰਾਰ ਹੋ ਗਏ। ਉਹਨਾਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਸਨ। ਇੱਥੇ ਆ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਸੀ, ਲੇਕਿਨ ਲੁਟੇਰਿਆਂ ਵੱਲੋਂ ਕੀਤੀ ਲੁੱਟ ਤੋਂ ਬਾਅਦ ਉਹਨਾਂ ਦਾ ਮਨ ਦੁਖੀ ਜਰੂਰ ਹੋਇਆ ਹੈ। ਹੁਣ ਉਦਾਸ ਮਨ ਦੇ ਨਾਲ ਉਹ ਅਸਾਮ ਵਾਪਸ ਆਪਣੇ ਘਰ ਜਾ ਰਹੇ ਹਨ। ਲੇਕਿਨ ਉਹ ਭਵਿੱਖ ਵਿੱਚ ਵੀ ਦਰਬਾਰ ਸਾਹਿਬ ਜਰੂਰ ਆਉਣਗੇ। ਉਹਨਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਵੀ ਮੀਡੀਆ ਤੋਂ ਆਪਣਾ ਖੈੜਾ ਛਡਾਉਂਦੇ ਹੋਏ ਨਜ਼ਰ ਆਏ ਤੇ ਮੀਡੀਆ ਨੂੰ ਇੱਕੋ ਹੀ ਰਟਿਆ ਰਟਾਇਆ ਜਵਾਬ ਦਿੰਦੇ ਵੀ ਦਿਖਾਈ ਦਿੱਤੇ ਕਿ ਤੇ ਓਹਨਾ ਕਿਹਾ ਕਿ ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਵੇਗੀ।
ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇੱਕ ਈ ਰਿਕਸ਼ਾ ਚਾਲਕ ਵੱਲੋਂ ਇਸੇ ਤਰੀਕੇ ਹੀ ਦੂਸਰੇ ਸੂਬੇ ਤੋਂ ਆਏ ਸ਼ਰਧਾਲੂਆਂ ਨੂੰ ਸੁਨਸਾਨ ਰਸਤੇ ਤੇ ਲਿਜਾ ਕੇ ਉਹਨਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਵੇਲੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਤੋਂ ਛੇ ਦਿਨਾਂ ਦੇ ਵਿੱਚ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਤੇ ਲੁੱਟਿਆ ਹੋਇਆ ਸਮਾਨ ਵੀ ਸ਼ਰਧਾਲੂਆਂ ਨੂੰ ਵਾਪਸ ਦਵਾਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਪੁਲਿਸ ਕਿੰਨੀ ਚੁਸਤੀ ਦਿਖਾਉਂਦੀ ਹੈ ਤੇ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਵਾਲੇ ਇਹਨਾਂ ਦੋਨਾਂ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ।