ਲੁਧਿਆਣਾ, 1 ਸਤੰਬਰ : ਲੁਧਿਆਣਾ ਫਿਰੋਜ਼ਪੁਰ ਰੋਡ ‘ਤੇ ਬੀਤੀ ਰਾਤ ਅੰਸਲ ਪਲਾਜ਼ਾ ਦੇ ਸਾਹਮਣੇ ਕੱਟ ‘ਤੇ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਦੀ ਪਹਿਚਾਣ ਰਾਜਨਪ੍ਰੀਤ ਸਿੰਘ ਦਸਿਆ ਜਾ ਰਿਹਾ ਹੈ। ਹਾਦਸੇ ‘ਚ ਮ੍ਰਿਤਕ ਰਾਜਨਪ੍ਰੀਤ ਸਿੰਘ ਦੇ ਮਾਸੀ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਊਥ ਸਿਟੀ ਵਿੱਚ ਇੱਕ ਦੋਸਤ ਦੀ ਦੇਰ ਰਾਤ ਪਾਰਟੀ ਸੀ। ਪਾਰਟੀ ਖਤਮ ਕਰਕੇ ਰਾਜਨਪ੍ਰੀਤ ਡੀਐਮਸੀ ਸਥਿਤ ਆਪਣੇ ਹੋਟਲ ਵਾਪਸ ਪਰਤ ਰਿਹਾ ਸੀ। ਮਲਹਾਰ ਚੌਕ ਨੇੜੇ ਅੰਸਲ ਪਲਾਜ਼ਾ ਵਿਖੇ ਅਚਾਨਕ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਜਨਪ੍ਰੀਤ ਦਾ ਜਿਗਰ ਫਟ ਗਿਆ ਅਤੇ ਪੰਜ ਪਸਲੀਆਂ ਟੁੱਟ ਗਈਆਂ। ਲੋਕਾਂ ਦੀ ਮਦਦ ਨਾਲ ਰਾਜਨਪ੍ਰੀਤ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਅੱਜ ਸਵੇਰੇ ਉਸ ਨੂੰ ਫੋਨ ਆਉਣ ’ਤੇ ਘਟਨਾ ਬਾਰੇ ਪਤਾ ਲੱਗਾ। ਰਾਜਨਪ੍ਰੀਤ ਦਾ ਕਰੀਬ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀਆਂ ਦੋ ਧੀਆਂ ਹਨ। ਇਕ ਬੇਟੀ 3 ਸਾਲ ਦੀ ਹੈ ਅਤੇ ਦੂਜੀ ਬੇਟੀ ਸਿਰਫ 8 ਮਹੀਨੇ ਦੀ ਹੈ। ਰਾਜਨਪ੍ਰੀਤ ਕਰੀਬ 4 ਸਾਲ ਪਹਿਲਾਂ ਲੁਧਿਆਣਾ ਤੋਂ ਜਲੰਧਰ ਸ਼ਿਫਟ ਹੋ ਗਿਆ ਸੀ। ਫਿਲਹਾਲ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਅੱਜ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਹੈ। ਲਾਸ਼ ਨੂੰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੇ ਹਨ।