ਆਗਰਾ: ਯੂਪੀ ਦੇ ਆਗਰਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਗਰਾ ਦੇ ਤਾਜ ਮਹਿਲ ਨੂੰ ਅੱਜ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਏਸੀਪੀ ਤਾਜ ਸੁਰੱਖਿਆ ਸਈਅਦ ਅਰੀਬ ਅਹਿਮਦ ਦਾ ਕਹਿਣਾ ਹੈ ਕਿ ਸੈਰ-ਸਪਾਟਾ ਵਿਭਾਗ ਨੂੰ ਈਮੇਲ ਮਿਲੀ ਹੈ। ਉਸ ਆਧਾਰ ‘ਤੇ ਤਾਜਗੰਜ ਥਾਣੇ ‘ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਕੂਲਾਂ, ਰੇਲ ਗੱਡੀਆਂ, ਹੋਟਲਾਂ ਅਤੇ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਜ਼ਿਆਦਾਤਰ ਧਮਕੀਆਂ ਫਰਜ਼ੀ ਪਾਈਆਂ ਗਈਆਂ ਹਨ। ਪਰ ਤਾਜ ਮਹਿਲ ਵਿਸ਼ਵ ਪ੍ਰਸਿੱਧ ਵਿਰਾਸਤ ਹੈ ਅਤੇ ਇਸ ਨੂੰ ਖ਼ਤਰੇ ਵਿਚ ਪਾਉਣ ਦੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਡੂੰਘਾਈ ਨਾਲ ਚਲਾਈ ਜਾ ਰਹੀ ਹੈ ਜਾਂਚ ਮੁਹਿੰਮ
ਧਮਕੀ ਤੋਂ ਬਾਅਦ ਤਾਜ ਮਹਿਲ ਦੇ ਅੰਦਰ ਅਤੇ ਬਾਹਰ ਦੇ ਖੇਤਰਾਂ ਵਿੱਚ ਡੂੰਘਾਈ ਨਾਲ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸੀਆਈਐਸਐਫ ਦੀ ਟੀਮ ਨੇ ਤਾਜ ਮਹਿਲ ਦੇ ਅੰਦਰ ਜਾਂਚ ਕੀਤੀ ਹੈ ਅਤੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਭਰੀ ਈਮੇਲ ਵਿੱਚ ਬੰਬ ਫਟਣ ਦਾ ਸਮਾਂ ਵੀ ਦੱਸਿਆ ਗਿਆ ਸੀ। ਕਿਹਾ ਗਿਆ ਸੀ ਕਿ ਤਾਜ ਮਹਿਲ ਵਿੱਚ ਬੰਬ ਰੱਖਿਆ ਗਿਆ ਸੀ। ਇਹ ਬੰਬ ਸਵੇਰੇ 9 ਵਜੇ ਫਟੇਗਾ। ਇਹ ਈਮੇਲ ਮਿਲਦੇ ਹੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਾਜ ਮਹਿਲ ਦੇ ਨੇੜੇ ਸੁਰੱਖਿਆ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਬੰਬ ਨਿਰੋਧਕ ਦਸਤੇ ਅਤੇ ਹੋਰ ਟੀਮਾਂ ਨੇ ਤਾਜ ਮਹਿਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਣ ਲੱਗੇ ਹਨ ਕਿ ਬੰਬ ਧਮਾਕਿਆਂ ਦਾ ਇਹ ਸਿਲਸਿਲਾ ਕਦੋਂ ਖਤਮ ਹੋਵੇਗਾ? ਇਸ ਖਬਰ ਤੋਂ ਬਾਅਦ ਸੈਲਾਨੀਆਂ ਵਿੱਚ ਵੀ ਡਰ ਦਾ ਮਾਹੌਲ ਹੈ।