ਲੁਧਿਆਣਾ ਦੀ ਢਾਈ ਸਾਲਾ ਮਾਸੂਮ ਦਿਲਰੋਜ਼ ਨੂੰ ਅੱਜ ਇਨਸਾਫ ਮਿਲੇਗਾ। ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਵੱਲੋਂ ਅੱਜ (ਸੋਮਵਾਰ) ਨੀਲਮ ਨਾਂ ਦੀ 35 ਸਾਲਾ ਔਰਤ ਨੂੰ ਸਜ਼ਾ ਸੁਣਾਈ ਜਾਵੇਗੀ। ਨੀਲਮ ਨੇ ਆਪਣੇ ਗੁਆਂਢੀ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਧੀ ਦਿਲਰੋਜ਼ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਪੁਲਿਸ ਰਿਪੋਰਟ ਮੁਤਾਬਕ ਨੀਲਮ ਦੀ ਪਰਿਵਾਰ ਨਾਲ ਡੂੰਘੀ ਦੁਸ਼ਮਣੀ ਸੀ, ਜਿਸ ਕਾਰਨ ਉਸ ਨੇ ਸਾਵਧਾਨੀ ਨਾਲ ਕਤਲ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ। ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਸਕੂਟਰ ‘ਤੇ ਬੱਚੀ ਦਿਲਰੋਜ਼ ਨੂੰ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਸੜਕ ਕਿਨਾਰੇ ਇਕ ਸੁੰਨਸਾਨ ਜਗ੍ਹਾ ‘ਤੇ ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤਾ ਸੀ, ਜਿਸ ‘ਚ ਦਮ ਘੁੱਟਣ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ।