ਲੁਧਿਆਣਾ, 3 ਅਗਸਤ : ਡਿਪਟੀ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ ਡਵੀਜ਼ਨ ਰਣਧੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟੇਟ ਟੈਕਸ ਲੁਧਿਆਣਾ ਦੇ ਸਹਾਇਕ ਕਮਿਸ਼ਨਰਾਂ ਦੇ ਸਟਾਫ਼ ਵੱਲੋਂ ਵਨ-ਟਾਈਮ ਸੈਟਲਮੈਂਟ ਸਕੀਮ 2024 (ਓ.ਟੀ.ਐਸ.) ਨੂੰ ਉਤਸ਼ਾਹਿਤ ਕਰਨ ਲਈ ਡੋਰ-ਟੂ-ਡੋਰ ਮੁਹਿੰਮ ਵਿੱਢੀ ਗਈ ਹੈ। ਸਕੀਮ ਦਾ ਮੰਤਵ ਆਪਣੇ ਅਧਿਕਾਰ ਖੇਤਰ ਦੇ ਅੰਦਰ ਡਿਫਾਲਟਰਾਂ ਤੋਂ ਬਕਾਇਆ ਵੈਟ ਅਤੇ ਸੀ.ਐਸ.ਟੀ. ਦੀ ਵਸੂਲੀ ਕਰਨਾ ਹੈ। ਇਸ ਮੁਹਿੰਮ ਤਹਿਤ ਬਕਾਏ ਦੀ ਰਿਕਵਰੀ ਕਰਨ ਲਈ ਕਾਰੋਬਾਰੀਆਂ ਅਤੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਸੈਟਲਮੈਂਟ ਸਕੀਮ ਦੇ ਲਾਭ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।
ਵਨ-ਟਾਈਮ ਸੈਟਲਮੈਂਟ ਸਕੀਮ 2024 ਵਿੱਚ ਦੋ ਸਲੈਬਾਂ ਹਨ, ਪਹਿਲੀ ਸਲੈਬ ਤਹਿਤ 1 ਰੁਪਏ ਤੋਂ ਇੱਕ ਲੱਖ ਤੱਕ ਦੇ ਬਕਾਏ ਲਈ ਸਾਰਾ ਟੈਕਸ, ਜੁਰਮਾਨਾ ਅਤੇ ਵਿਆਜ਼ ਮੁਆਫ ਕਰ ਦਿੱਤਾ ਜਾਂਦਾ ਹੈ ਅਤੇ ਦੂਸਰੀ ਸਲੈਬ ਤਹਿਤ ਇੱਕ ਲੱਖ ਤੋਂ ਇੱਕ ਕਰੋੜ ਤੱਕ ਦੇ ਬਕਾਏ ਲਈ ਟੈਕਸਦਾਤਾ ਨੂੰ ਟੈਕਸ ਦਾ ਸਿਰਘ 50 ਫੀਸਦ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ ਜਦਕਿ ਬਾਕੀ ਵਿਆਜ਼ ਅਤੇ ਜੁਰਮਾਨੇ ਨੂੰ ਮੁਆਫ ਕਰ ਦਿੱਤਾ ਜਾਂਦਾਹੈ।
ਹੈ।
ਓ.ਟੀ.ਐਸ. ਅਧੀਨ ਅਰਜ਼ੀਆਂ ਦਾਖਲ ਕਰਨ ਦੀ ਆਖ਼ਰੀ ਮਿਤੀ 16 ਅਗਸਤ 2024 ਹੈ। ਡੋਰ-ਟੂ-ਡੋਰ ਮੁਹਿੰਮ ਤੋਂ ਇਲਾਵਾ, ਓ.ਟੀ.ਐਸ. ਸਕੀਮ ਅਧੀਨ ਫਾਈਲਿੰਗ ਨੂੰ ਉਤਸ਼ਾਹਿਤ ਕਰਨ ਲਈ ਵਕੀਲਾਂ ਅਤੇ ਚਾਰਟਰਡ ਅਕਾਊਂਟੈਂਟਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ। ਇਹ ਵਿਆਪਕ ਪਹੁੰਚ ਯਕੀਨੀ ਬਣਾਉਂਦੀ ਹੈ ਕਿ ਟੈਕਸਦਾਤਾ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਕੀਮ ਅਧੀਨ ਆਪਣੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਹਨ।