ਬੀਤੇ ਦਿਨ ਯਾਨੀ ਐਤਵਾਰ ਨੂੰ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਸਾਰੀ ਘਟਨਾ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, “ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੂੰ ਇਸਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।”
ਦੱਸ ਦਈਏ ਕਿ ਜਿਸ ਪੌੜੀ ਨਾਲ ਉਨ੍ਹਾਂ ਨੂੰ ਮਾਲਾ ਚੜ੍ਹਾਈ ਜਾਂਦੀ ਹੈ, ਉਸ ਪੌੜੀ ‘ਤੇ ਚੜ੍ਹ ਕੇ ਨੌਜਵਾਨ ਨੇ ਮੂਰਤੀ ‘ਤੇ ਜ਼ੋਰ-ਜ਼ੋਰ ਨਾਲ ਹਥੌੜੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਮੂਰਤੀ ਖੰਡਿਤ ਹੋ ਗਈ। ਨੌਜਵਾਨ ਨੇ ਮੂਰਤੀ ਦੇ ਹੱਥ ‘ਚ ਫੜੀ ਸੰਵਿਧਾਨ ਦੀ ਕਿਤਾਬ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।