ਲੁਧਿਆਣਾ, 12 ਅਗਸਤ : ਪੰਜਾਬ ਸਥਿਤ ਟ੍ਰਾਈਡੈਂਟ ਗਰੁੱਪ ਨੇ ਐਤਵਾਰ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੂੰ 21 ਕਰੋੜ ਰੁਪਏ ਦਾਨ ਕੀਤੇ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਤਿਰੂਮਾਲਾ ਵਿਖੇ ਟੀਟੀਡੀ ਦੇ ਵਧੀਕ ਕਾਰਜਕਾਰੀ ਅਧਿਕਾਰੀ ਸੀਐਚ ਵੈਂਕਈਆ ਚੌਧਰੀ ਨੂੰ ਚੈੱਕ ਦੇ ਰੂਪ ਵਿੱਚ ਦਾਨ ਸੌਂਪਿਆ।
ਚੇਅਰਮੈਨ ਗੁਪਤਾ ਨੇ ਤਿਰੂਪਤੀ ਟਰੱਸਟ ਨੂੰ ਸ੍ਰੀ ਵੈਂਕਟੇਸ਼ਵਰ ਨਿਤਿਆ ਅੰਨਾਪ੍ਰਸਾਦਮ ਟਰੱਸਟ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਦਾਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਜਿਸ ਰਾਹੀਂ ਟੀਟੀਡੀ ਤਿਰੁਮਾਲਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਚ ਗੁਣਵੱਤਾ ਵਾਲਾ ਭੋਜਨ ਮੁਫਤ ਪ੍ਰਦਾਨ ਕਰ ਸਕੇ।
ਟੀਟੀਡੀ ਦੇ ਸੂਤਰਾਂ ਨੇ ਦੱਸਿਆ ਕਿ ਇਹ ਇਸ ਸਾਲ ਦਾ ਸਭ ਤੋਂ ਵੱਡਾ ਦਾਨ ਹੈ। ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਮੰਦਿਰ ਮੰਨੇ ਜਾਣ ਵਾਲੇ ਤਿਰੁਮਾਲਾ ਮੰਦਰ ਦੇ ਖਜ਼ਾਨੇ ‘ਚ ਦਾਨ ਦਾ ਹੜ੍ਹ ਆ ਗਿਆ ਹੈ। ਤਿਰੁਮਾਲਾ ਮੰਦਿਰ ਨੇ ਜੁਲਾਈ ‘ਚ ਰਿਕਾਰਡ 125.35 ਕਰੋੜ ਰੁਪਏ ਦੀ ਕੁਲੈਕਸ਼ਨ ਪ੍ਰਾਪਤ ਕੀਤੀ।ਟੀਟੀਡੀ ਦੇ ਸੂਤਰਾਂ ਦੇ ਅਨੁਸਾਰ, ਭਗਵਾਨ ਬਾਲਾਜੀ ਮੰਦਿਰ ਵਿੱਚ ਹੰਡੀ ਸੰਗ੍ਰਹਿ ਨੂੰ ਪਿਛਲੇ 29 ਮਹੀਨਿਆਂ ਤੋਂ ਲਗਾਤਾਰ 100 ਕਰੋੜ ਰੁਪਏ ਤੋਂ ਵੱਧ ਦਾ ਦਾਨ ਮਿਲਿਆ ਹੈ, ਜੋ ਕਿ ਤਿਰੁਮਾਲਾ ਮੰਦਿਰ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਵੀ ਹੈ।