ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਇਸ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਕਰੀਬੀ ਵਿਸ਼ਾਲ ਬੱਤਰਾ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਉਹ ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਹਲਕਾ ਪੱਛਮੀ ਤੋਂ ਚੋਣ ਲੜ ਚੁੱਕੇ ਐਡਵੋਕੇਟ ਵਿਕਰਮਜੀਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਬੱਤਰਾ ਆਮ ਆਦਮੀ ਪਾਰਟੀ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਕਿਸੇ ਹੋਰ ਚਿਹਰੇ ਨੂੰ ਮੈਦਾਨ ‘ਚ ਉਤਾਰਨ ਜਾ ਰਹੀ ਹੈ। ਇਸ ਕਾਰਨ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ।
ਕਾਂਗਰਸ ਪਾਰਟੀ ਦੇ ਦੋ ਸਿਆਸੀ ਆਗੂਆਂ ਨੇ ‘ਆਪ’ ਦਾ ਝਾੜੂ ਫੜ ਲਿਆ। ਹਲਕਾ ਪੂਰਬੀ ਤੇ ਹਲਕਾ ਕੇਂਦਰੀ ਤੋਂ ਦੋ ਕਾਂਗਰਸੀਆਂ ਨੇ ਟਿਕਟ ਨਾ ਮਿਲਣ ਦੀ ਗੱਲ ਸਾਹਮਣੇ ਆਉਂਦਿਆਂ ਹੀ ਕਾਂਗਰਸ ਛੱਡ ‘ਆਪ’ ਜੁਆਇਨ ਕਰ ਲਈ ਹੈ।
ਹਲਕਾ ਕੇਂਦਰੀ ਤੋਂ ਨੌਜਵਾਨ ਕਾਂਗਰਸੀ ਆਗੂ ਸੰਨੀ ਚੌਧਰੀ ਨੇ ਵਿਧਾਇਕ ਅਸ਼ੋਕ ਪਰਾਸ਼ਰ ਦੀ ਅਗਵਾਈ ਵਿੱਚ ‘ਆਪ’ ਜੁਆਇਨ ਕਰ ਲਈ ਹੈ। ਸੰਨੀ ਚੌਧਰੀ ‘ਆਪ’ ਵੱਲੋਂ ਚੋਣ ਲੜ ਸਕਦੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸੰਜੈ ਤਲਵਾੜ ਦਾ ਕਰੀਬੀ ਲਵਲੀ ਮਨੋਚਾ ਵੀ ‘ਆਪ’ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਪਾਰਟੀ ’ਚ ਸ਼ਾਮਲ ਹੋ ਗਿਆ। ਲਵਲੀ ਮਨੋਚਾ ਵਾਰਡ ਨੰਬਰ 29 ਤੋਂ ਦਾਅਵੇਦਾਰ ਹੈ ਪਰ ਇਨ੍ਹਾਂ ਦੋਵੇਂ ਆਗੂਆਂ ਦੇ ਵਾਰਡਾਂ ਵਿੱਚ ਪਹਿਲਾਂ ਵੀ ‘ਆਪ’ ਦੇ ਵਾਲੰਟਿਅਰਾਂ ਤੇ ਆਗੂਆਂ ਨੇ ਦਾਅਵੇਦਾਰੀ ਜਤਾਈ ਹੋਈ ਹੈ। ਹੁਣ ਨਵੇਂ ਆਗੂ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਟਿਕਟ ਕਿਸ ਨੂੰ ਮਿਲੇਗੀ, ਅਜੇ ਇਸ ਬਾਰੇ ਅਟਕਲਾਂ ਬਣੀਆਂ ਹੋਈਆਂ ਹਨ।
ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਕਰੀਬੀ ਮੰਨੇ ਜਾਣ ਵਾਲੇ ਸਾਬਕਾ ਕੌਂਸਲਰ ਰਘੂਬੀਰ ਸਿੰਘ ਬੀਰਾ ਵੀ ਜਲਦ ਹੀ ਕਾਂਗਰਸ ਜੁਆਇਨ ਕਰ ਸਕਦੇ ਹਨ। ਹਾਲਾਂਕਿ, ਹਲਕਾ ਉੱਤਰੀ ਵਿੱਚ ਕਾਂਗਰਸੀਆਂ ਵਿੱਚ ਵਿਰੋਧ ਹੈ, ਜਿਸ ਕਰਕੇ ਉਹ ਹਾਲੇ ਸ਼ਾਮਲ ਨਹੀਂ ਹੋ ਰਹੇ ਹਨ ਪਰ ਬੀਰਾ ਬੈਂਸ ਗਰੁੱਪ ਵੱਲੋਂ ਕਾਂਗਰਸ ਵਿੱਚ ਜਾ ਰਹੇ ਹਨ ਤੇ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਚਰਚਾ ਹੋ ਰਹੀ ਹੈ।