ਡੋਨਾਲਡ ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ-ਨਾਲ ਕਰਮਚਾਰੀਆਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਜਨਵਰੀ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰੀਕਾ ਪਰਤਣ ਦੀ ਗੱਲ ਕਰਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਟਰੰਪ ਯਾਤਰਾ ਸੰਬੰਧੀ ਕੋਈ ਵੀ ਨਿਯਮ ਲਿਆ ਸਕਦੇ ਹਨ। ਵਿਦਿਆਰਥੀਆਂ ਨੂੰ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਅਜਿਹਾ ਸੰਭਵ ਯਾਤਰਾ ਪਾਬੰਦੀਆਂ ਤੋਂ ਬਚਣ ਅਤੇ ਐਂਟਰੀ ਪੁਆਇੰਟਾਂ ‘ਤੇ ਵਧੀ ਹੋਈ ਜਾਂਚ ਤੋਂ ਬਚਣ ਲਈ ਕੀਤਾ ਗਿਆ ਹੈ।
ਜਨਵਰੀ 2017 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਸਿਰਫ਼ 7 ਦਿਨਾਂ ਬਾਅਦ, ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਯਾਤਰੀਆਂ ‘ਤੇ ਪਾਬੰਦੀ ਲਗਾਉਣ ਵਾਲੇ ਇੱਕ ਆਦੇਸ਼ ‘ਤੇ ਦਸਤਖਤ ਕੀਤੇ। ਇਸ ਹੁਕਮ ਤੋਂ ਬਾਅਦ ਕਈ ਹਵਾਈ ਅੱਡਿਆਂ ‘ਤੇ ਹਿੰਸਾ ਦੀਆਂ ਖਬਰਾਂ ਆਈਆਂ ਸਨ। ਇਸ ਕਾਰਨ ਕਈ ਵਿਦਿਆਰਥੀ ਅਤੇ ਕਰਮਚਾਰੀ ਵਿਦੇਸ਼ਾਂ ਵਿੱਚ ਫਸ ਗਏ ਸਨ।
ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ 23 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ 11 ਲੱਖ ਵਿਦੇਸ਼ੀ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ (3,30,000) ਭਾਰਤੀ ਵਿਦਿਆਰਥੀ ਹਨ। 20 ਜਨਵਰੀ, 2025 ਨੂੰ ਟਰੰਪ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕਣ ਤੋਂ ਬਾਅਦ ਹੀ ਕੁਝ ਨਵੇਂ ਨਿਯਮ ਲਾਗੂ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੱਤਾ ਦੇ ਤਬਾਦਲੇ ਨਾਲ ਦੂਜੇ ਦੇਸ਼ਾਂ ਵਿਚ ਅਮਰੀਕੀ ਦੂਤਾਵਾਸ ਅਤੇ ਵਪਾਰਕ ਦੂਤਾਵਾਸ ਦੇ ਕਰਮਚਾਰੀਆਂ ‘ਤੇ ਵੀ ਅਸਰ ਪੈ ਸਕਦਾ ਹੈ, ਜਿਸ ਕਾਰਨ ਵੀਜ਼ਾ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਹੈ।