ਗੁਰਦਾਸਪੁਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਬਟਾਲਾ ਵਿੱਚ ਗੈਂਗਸਟਰ ਦੀ ਮਾਂ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਨਾਂ ਦਾ ਇੱਕ ਬੰਦਾ ਸਕਾਰਪੀਓ ਕਾਰ ਵਿੱਚ ਜਾ ਰਹੇ ਸਨ, ਕਾਰ ਕਰਨਵੀਰ ਚਲਾ ਰਿਹਾ ਸੀ। ਇਸ ਦੌਰਾਨ ਤਿੰਨ ਬਾਈਕ ਸਵਾਰ ਉੱਥੇ ਪਹੁੰਚੇ ਅਤੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਵਿੱਚ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਸਦੀ ਉੱਥੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਜੀਤ ਨੂੰ 6 ਤੇ ਕਰਨਵੀਰ ਨੂੰ ਚਾਰ ਗੋਲੀਆਂ ਲੱਗੀਆਂ। ਵਾਰਦਾਤ ਮਗਰੋਂ ਹਮਲਾਵਰ ਫਰਾਰ ਹੋ ਗਏ।
ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਵਿੱਚੋਂ 2 ਗੈਂਗਸਟਰ ਹਰਿਆਣਾ ਦੇ ਹਨ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਨਾਲ ਜੋੜ ਰਹੀ ਹੈ, ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ। ਉਸ ਦੀਆਂ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਹੋਈਆਂ ਹਨ।