ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਕਈ ਘਰ ਰੁੜ੍ਹ ਗਏ ਹਨ। ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਖ਼ਤਰੇ ਨੂੰ ਦੇਖਦੇ ਹੋਏ ਮਾਤਾ ਵੈਸ਼ਣੋ ਦੇਵੀ ਯਾਤਰਾ ਰੋਕ ਦਿੱਤੀ ਗਈ ਹੈ। ਲਗਾਤਾਰ ਮੀਂਹ ਕਾਰਨ ਚਨਾਬ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਨਦੀ ਦੇ ਭਿਆਨਕ ਰੂਪ ਨੂੰ ਦੇਖ ਕੇ ਲੋਕ ਦਹਿਸ਼ਤ ਵਿਚ ਹਨ। ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ।
ਡੋਡਾ ਪ੍ਰਸ਼ਾਸਨ ਨੇ ਅੱਜ ਸਵੇਰੇ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਨਦੀਆਂ ਅਤੇ ਪਾਣੀ ਦੇ ਸਰੋਤਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਲਗਾਤਾਰ ਮੀਂਹ ਅਤੇ ਬੱਦਲ ਫਟਣ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। ਜ਼ਿਲ੍ਹੇ ਦੇ ਭਾਲੇਸ਼ਾ, ਥਾਥਰੀ ਅਤੇ ਮਰਮਤ ਵਿੱਚ ਬੱਦਲ ਫਟਣ ਕਾਰਨ ਕਈ ਥਾਵਾਂ ‘ਤੇ ਅਚਾਨਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।