ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਗਲੋਬਲ ਸੰਸਥਾ ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਹਨ। 36 ਸਾਲਾ ਸ਼ਾਹ ਪਿਛਲੇ ਪੰਜ ਸਾਲਾਂ ਤੋਂ ਬੀਸੀਸੀਆਈ ਸਕੱਤਰ ਹਨ। ਸ਼ਾਹ ਨੇ ਨਿਊਜ਼ੀਲੈਂਡ ਦੇ ਵਕੀਲ ਗ੍ਰੇਗ ਬਾਰਕਲੇ ਦੀ ਥਾਂ ਲਈ ਜੋ ਲਗਾਤਾਰ ਤੀਜੀ ਵਾਰ ਅਹੁਦੇ ‘ਤੇ ਬਣੇ ਰਹਿਣ ਵਿਚ ਦਿਲਚਸਪੀ ਨਹੀਂ ਰੱਖਦੇ ਸਨ।
ਜੈ ਸ਼ਾਹ ਤੋਂ ਪਹਿਲਾਂ ਕਾਰੋਬਾਰੀ ਮਰਹੂਮ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐਨ ਸ੍ਰੀਨਿਵਾਸਨ ਉਨ੍ਹਾਂ ਭਾਰਤੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਵਿਸ਼ਵ ਕ੍ਰਿਕਟ ਸੰਸਥਾ ਦੀ ਅਗਵਾਈ ਕੀਤੀ ਹੈ।
ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦਾ ਕਾਰਜਕਾਲ ਚੁਣੌਤੀਆਂ ਨਾਲ ਸ਼ੁਰੂ ਹੋਵੇਗਾ ਕਿਉਂਕਿ ਆਈਸੀਸੀ ਨੂੰ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ‘ਹਾਈਬ੍ਰਿਡ ਮਾਡਲ’ ਨੂੰ ਲਾਗੂ ਕਰਨ ਲਈ ਇੱਕ ਸਵੀਕਾਰਯੋਗ ਹੱਲ ਲੱਭਣ ਦੀ ਲੋੜ ਹੈ।