ਪੰਜਾਬੀ ਮਾਂ ਬੋਲੀ ਦਾ ਮਾਣਮੱਤਾ ਫ਼ਨਕਾਰ ਰਾਜਵੀਰ ਜਵੰਦਾ ਪੰਜ ਤੱਤਾਂ ‘ਚ ਵਿਲੀਨ ਹੋ ਗਿਆ। ਇਸ ਮੌਕੇ ਮਾਂ, ਪਤਨੀ ਸਮੇਤ ਉਥੇ ਮੌਜੂਦ ਹਰ ਇਕ ਬੰਦੇ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਹਰ ਕਿਸੇ ਦੀ ਅੱਖ ਨਮ ਸੀ। ਰਾਜਵੀਰ ਜਵੰਦਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਲੁਧਿਆਣਾ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਵਿਦਾਈ ਦਿੱਤੀ ਗਈ। ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਨੇ ਇਸੇ ਗਰਾਊਂਡ ‘ਚ ਪਹਿਲੀ ਵਾਰ ਮੰਚ ‘ਤੇ ਗਾਣਾ ਗਾਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਇਥੇ ਹੀ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾ ਸਕਦੀ ਹੈ।