ਭਾਰਤ ਭੂਸ਼ਣ ਆਸ਼ੂ ਦਾ ਜਨਮ 20 ਮਾਰਚ 1971 ਵਿੱਚ ਹੋਇਆ। ਆਸ਼ੂ ਨੇ ਬੀਏ 1989 ਵਿਚ ਆਰਿਆ ਕਾਲਜ ਲੁਧਿਆਣਾ ਤੋਂ ਪਾਸ ਕੀਤੀ ਹੈ। ਇਹ ਡੇਅਰੀ ਫਾਰਮਿੰਗ ਦਾ ਬਿਜ਼ਨਸ ਕਰਦੇ ਹਨ। ਆਸ਼ੂ ਨੇ ਆਪਣਾ ਸਿਆਸੀ ਕਰੀਅਰ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹ ਸਾਲ 1997 ਵਿੱਚ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਕਾਂਗਰਸ ਦੀ ਟਿਕਟ ਤੇ ਮਿਉਂਸਪਲ ਕੌਂਸਲਰ ਚੁਣੇ ਗਏ ਸਨ। ਸਾਲ 2012 ਵਿੱਚ ਉਨ੍ਹਾਂ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੀ ਟਿਕਟ ਅਲਾਟ ਕੀਤੀ ਗਈ ਸੀ ਅਤੇ ਉਹ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸੀਐੱਲਪੀ ਨੇਤਾ ਬਣ ਗਏ ਸਨ।
ਸਾਲ 2017 ਵਿੱਚ ਦੁਬਾਰਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਹਿਬਾਬ ਗਰੇਵਾਲ ਨੂੰ 36,521 ਵੋਟਾਂ ਦੇ ਫਰਕ ਨਾਲ ਹਰਾਇਆ। ਉਹ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਦੇ ਕੈਬਨਿਟ ਮੰਤਰੀ ਬਣੇ। 2022 ਵਿੱਚ ਉਹ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਬੱਸੀ ਗੋਗੀ ਤੋਂ 7500 ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ ਸਨ ।
ਕਾਂਗਰਸ ਹਾਈਕਮਾਨ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਲਗਾਤਾਰ ਦੋ ਵਾਰ ਵਿਧਾਇਕ ਰਹੇ ਸਨ। ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਲੁਧਿਆਣਾ ਪੱਛਮੀ ਦੇ ਵਿੱਚ ਹੋ ਰਹੀ ਹੈ। ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਭਾਰਤ ਭੂਸ਼ਣ ਆਸ਼ੂ ਵੱਲੋਂ ਤਿਆਰੀਆਂ ਕੀਤੀ ਜਾ ਰਹੀਆਂ ਸਨ।
ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਵਿਵਾਦ
ਜਨਵਰੀ 2019 ਵਿੱਚ ਆਸ਼ੂ ਨੂੰ ਇੱਕ ਜਨਤਕ ਸਮਾਗਮ ਵਿੱਚ ਮਹਿਲਾ ਅਧਿਕਾਰੀ ਨਾਲ ਦੁਰਵਿਵਹਾਰ ਕਰਦੇ ਹੋਏ ਮੀਡੀਆ ਦੁਆਰਾ ਜਨਤਕ ਤੌਰ ‘ਤੇ ਦੇਖਿਆ ਅਤੇ ਫੜਿਆ ਗਿਆ ਸੀ। ਫਰਵਰੀ 2019 ਵਿੱਚ ਆਸ਼ੂ ਦੇ ਤਤਕਾਲੀ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਇੰਪਰੂਵਮੈਂਟ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀਆਂ ਆਡੀਓ ਰਿਕਾਰਡਿੰਗਾਂ ਵਾਇਰਲ ਹੋਈਆਂ। ਬਲਵਿੰਦਰ ਸਿੰਘ ਸੇਖੋਂ ਨੂੰ ਆਸ਼ੂ ਦੇ ਨਾਲ ਤਕਰਾਰ ਦੇ ਚਲਦਿਆਂ ਨੌਕਰੀ ਤੋਂ ਕਾਂਗਰਸ ਸਰਕਾਰ ਨੇ ਡਿਸਮਿਸ ਕਰ ਦਿੱਤਾ ਸੀ।
ਅਕਤੂਬਰ 2019 ਵਿੱਚ ਆਸ਼ੂ ‘ਤੇ ਉਪ-ਚੋਣ ਦੀਆਂ ਤਿਆਰੀਆਂ ਦੌਰਾਨ ਆਪਣੀ ਹੀ ਪਾਰਟੀ ਦੇ ਵਲੰਟੀਅਰ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਈਡੀ ਨੇ ਮਨੀ ਲਾਂਡਰਿੰਗ ਨੂੰ ਲੈ ਕੇ ਆਸ਼ੂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਸੀ। ਆਸ਼ੂ ਵਿਰੁੱਧ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰਾਂ ਦੇ ਮਾਮਲਿਆਂ ਵਿੱਚ ਟੈਂਡਰ ਘੁਟਾਲੇ ਵਿੱਚ ਕਾਰਵਾਈ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਨੂੰ ਅਗਸਤ 2024 ਤੋਂ 4 ਸਤੰਬਰ 2024 ਦਰਮਿਆਨ ਪੀਐੱਮਐੱਲਏ 2002 ਦੇ ਤਹਿਤ ਇੱਕ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇੰਨਾ ਹੀ ਨਹੀਂ ਆਸ਼ੂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਈਡੀ ਦੀ ਕਾਰਵਾਈ ਵਿੱਚ ਕਰੀਬ 23 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਇਆ ਹੈ।