ਲੁਧਿਆਣਾ, 21 ਅਗਸਤ : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਲੁਧਿਆਣਾ ਵਲੋਂ ਅੱਜ ਸਵੇਰੇ ਹੋਲਸੇਲ ਕੈਮਿਸਟਾਂ ਨੇ ਕੋਲਕਾਤਾ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਭਾਰਤ ਨਗਰ ਚੌਕ ਵਿੱਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਸ਼ੋਕ ਡਾਬਰ ਲਵਲੀ ਨੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਪੂਰੀ ਤਰ੍ਹਾਂ ਡਾਕਟਰਾਂ ਦੇ ਨਾਲ ਖੜ੍ਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ। ਉਹਨਾਂ ਨੇ ਕਿਹਾ ਕਿ ਡਾਕਟਰ ਨਾਲ ਕੀਤੀ ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮ੍ਰਿਤਕ ਡਾਕਟਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਸ ਦਾ ਕਤਲ ਅਤੇ ਬਲਾਤਕਾਰ ਦਾ ਕੇਸ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ। ਜੇਕਰ ਸਰਕਾਰ ਨੇ ਸਮੇਂ ਸਿਰ ਇਨਸਾਫ਼ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਜਾਂ ਭਾਰਤ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਕੈਮਿਸਟ ਦੀਆਂ ਦੁਕਾਨਾਂ 9 ਵਜੇ ਤੋਂ 11 ਵਜੇ ਤੱਕ ਥੋਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।