ਪੰਜਾਬ ਦੇ ਜਲੰਧਰ ਦੇ ਨਕੋਦਰ ਕਸਬੇ ਦੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਐਨਆਰਆਈ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ। ਪੁਲੀਸ ਨੇ ਬਜ਼ੁਰਗ ਐਨਆਰਆਈ ਦੀ ਲਾਸ਼ ਬਰਾਮਦ ਕਰ ਲਈ ਹੈ। ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਨਕੋਦਰ ਦੀ ਪੁਲੀਸ ਨੇ ਬੀਐਨਐਸ 104 (ਅਗਵਾ) ਤਹਿਤ ਕੇਸ ਦਰਜ ਕੀਤਾ ਸੀ।
ਸੂਤਰਾਂ ਮੁਤਾਬਕ ਐਨਆਰਆਈ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਜਿਸ ਦੀ ਲਾਸ਼ ਮੋਗਾ ਦੀ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ। ਲਾਸ਼ ਨੂੰ ਬਰਾਮਦ ਕਰਨ ਲਈ ਜਲੰਧਰ ਦੇਹਾਤ ਪੁਲਿਸ ਦੀ ਟੀਮ ਮੋਗਾ ਪਹੁੰਚੀ ਸੀ।
ਮੁਲਜ਼ਮਾਂ ਨੇ ਕਾਰ ਨੂੰ ਟੱਕਰ ਮਾਰ ਕੇ ਕੀਤਾ ਸੀ ਅਗਵਾ
ਦੱਸ ਦੇਈਏ ਕਿ 75 ਸਾਲਾ ਮਹਿੰਦਰ ਸਿੰਘ ਕੱਲ੍ਹ ਸ਼ਾਮੀਂ ਕੰਗ ਸਾਹਬ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਸ਼ਾਮ 6 ਵਜੇ ਦੇ ਕਰੀਬ ਜਲੰਧਰ ਨਕੋਦਰ ਹਾਈਵੇ ‘ਤੇ ਪਿੰਡ ਕੰਗ ਸਾਹਬੂ ਕੋਲ ਪਹੁੰਚੇ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਮਹਿੰਦਰ ਸਿੰਘ ਨੂੰ ਉਨ੍ਹਾਂ ਦੀ ਕਾਰ (ਪੀ.ਬੀ.-08-ਏ.ਕਿਊ.-3878) ਵਿਚ ਅਗਵਾ ਕਰ ਲਿਆ ਅਤੇ ਉਥੋਂ ਫ਼ਰਾਰ ਹੋ ਗਏ | ਮਹਿੰਦਰ ਸਿੰਘ ਦਾ ਪੂਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ। ਉਹ ਜਲੰਧਰ ਵਿਚ ਇਕੱਲਾ ਰਹਿੰਦਾ ਸੀ।
ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਪਿੰਡ ਕੰਗ ਸਾਹਬੂ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲੀਸ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਦੇ ਪਿੰਡ ਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਮਹਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਕਾਰ ਨੂੰ ਮੁਲਜ਼ਮਾਂ ਨੇ ਟੱਕਰ ਮਾਰ ਦਿੱਤੀ।
ਇਸ ਦੌਰਾਨ ਜਦੋਂ ਮਹਿੰਦਰ ਸਿੰਘ ਨੇ ਆਪਣੀ ਕਾਰ ਰੋਕੀ ਤਾਂ ਦੋ ਮੁਲਜ਼ਮ ਬਾਹਰ ਆਏ ਅਤੇ ਮਹਿੰਦਰ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਕੇ ਉਥੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ ਗਿਆ। ਪਰ ਹੁਣ ਮਹਿੰਦਰ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।