ਪੰਜਾਬ ਦੀ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਜਲੰਧਰ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਇਕ ਵੱਡਾ ਝਟਕਾ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਮਲਜੀਤ ਭਾਟੀਆ ਸ਼ੀਤਲ ਅੰਗੁਰਾਲ ਅਤੇਸੁਸ਼ੀਲ ਕੁਮਾਰ ਰਿੰਕੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ ਅਤੇ ਪੱਛਮੀ ਹਲਕੇ ਵਿਚ ਭਾਟੀਆ ਦਾ ਵੱਡਾ ਵੋਟ ਬੈਂਕ ਸੀ। ਅਜਿਹੇ ‘ਚ ਚੋਣਾਂ ਤੋਂ 10 ਦਿਨ ਪਹਿਲਾਂ ਉਨ੍ਹਾਂ ਦਾ ‘ਆਪ’ ‘ਚ ਸ਼ਾਮਲ ਹੋਣਾ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਮਲਜੀਤ ਸਿੰਘ ਭਾਟੀਆ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ‘ਤੇ ਪਹੁੰਚ ਕੇ ‘ਆਪ’ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਨਾਲ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਅਤੇ ਭਾਟੀਆ ਦੇ ਹੋਰ ਸਾਥੀ ਵੀ ਮੌਜੂਦ ਸਨ।