ਜਲੰਧਰ, 23 ਜੂਨ : ਜਲੰਧਰ ਪੱਛਮੀ ਹਲਕੇ ਲਈ ਹੋਣ ਵਾਲੀਆਂ ਉਪ ਚੋਣਾਂ ਲਈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਉਪ ਚੋਣ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕੀ ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਚੋਣ ਮੁਹਿੰਮ ਦੀ ਕਮਾਨ ਪਾਰਟੀ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਸੰਭਾਲਣਗੇ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜ਼ਿਮਨੀ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਨਹੀਂ ਸੰਭਾਲਣਗੇ। ਇਸ ਦੀ ਜਿੰਮੇਵਾਰੀ ਪਾਰਟੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਸੌਂਪੀ ਗਈ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਚੋਣ ਪਰਚਾਰ ਦੇ ਆਖਰੀ ਦੌਰ ‘ਚ ਚੋਣ ਪ੍ਰਚਾਰ ਲਈ ਪਹੁੰਚਣਗੇ।
ਦੱਸ ਦੇਈਏ ਕਿ 10 ਜੁਲਾਈ ਨੂੰ ਹੋਣ ਜਾ ਰਹੀ ਉਪ ਚੋਣ ਦੌਰਾਨ ਜਲੰਧਰ ਪੱਛਮੀ ਸੀਟ ‘ਤੇ ਜਿੱਤਣਾ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਵਿਸ਼ਾ ਬਣ ਗਿਆ ਹੈ। ਜਿਸ ਲਈ ਪਾਰਟੀ ਵਲੋਂ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦੋ ਸੰਸਦ ਮੈਂਬਰਾਂ, ਚਾਰ ਮੰਤਰੀਆਂ ਅਤੇ ਵਿਧਾਇਕਾਂ ਸਮੇਤ 23 ਸੀਨੀਅਰ ਆਗੂ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਇਹ ਸੀਟ ਪਹਿਲਾਂ ਹੀ ਆਮ ਆਦਮੀ ਪਾਰਟੀ ਕੋਲ ਸੀ ਪਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਇਸ ਸੀਟ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।