ਲੁਧਿਆਣਾ 10 ਸਤੰਬਰ : ਜੁਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ 3 ਦਿਨ ਦੀ ਸਮੂਹਿਕ ਛੁੱਟੀ ਲੈਕੇ ਸ਼ੁਰੂ ਕੀਤੀ “ਔਜਾਰ ਤੇ ਕਲਮ ਛੋੜ” ਹੜਤਾਲ ਦੇ ਪਹਿਲੇ ਹੀ ਪੰਜਾਬ ਭਰ ਚੋਂ ਭਰਵਾਂ ਹੁੰਗਾਰਾ ਮਿਲਿਆ। ਦਿੱਤੇ ਪ੍ਰੋਗਰਾਮਾਂ ਦੀ ਲੜੀ ਤਹਿਤ ਬਿਜਲੀ ਬੋਰਡ ਦੇ ਕਾਮਿਆਂ ਵੱਲੋਂ ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਦੇ ਦਫਤਰਾਂ ਅੱਗੇ ਅੱਜ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ, ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਬਿਜਲੀ ਬੋਰਡ ਦੀ ਮੇਨੈਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ। ਸੁੰਦਰ ਨਗਰ ਡਵੀਜ਼ਨ ਦੇ ਬਾਹਰ TSU ਦੇ ਸੂਬਾ ਜੱਥੇਬੰਦਕ ਸਕੱਤਰ ਐਡੀਸ਼ਨਲ SDO ਰਘਵੀਰ ਸਿੰਘ ਰਾਮਗੜ੍ਹ ਅਤੇ PSEB ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਰਿਟਾਇਰਡ ਮੁਲਾਜਮਾਂ ਨੇ ਵੀ ਭਾਗ ਲਿਆ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਰਾਮਗੜ੍ਹ ਅਤੇ ਮਹਿਦੂਦਾਂ ਨੇ ਸਮੂਹਿਕ ਛੁੱਟੀ ਭਰਕੇ ਸਾਂਝੇ ਘੋਲ ‘ਚ ਸ਼ਾਮਿਲ ਹੋਏ ਸਾਰੇ ਬਿਜਲੀ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਸੰਘਰਸ਼ ਨੂੰ ਜਲਦੀ ਜਿੱਤਣ ਲਈ ਘੋਲ ਤੋਂ ਬਾਹਰ ਰਹਿੰਦੇ ਕੁਝ ਕੁ ਸਾਥੀਆਂ ਨੂੰ ਵੀ ਛੁੱਟੀਆਂ ਭਰਕੇ ਇਸਦਾ ਹਿੱਸਾ ਬਣਨ ਦੀ ਅਪੀਲ ਕੀਤੀ। ਸਰਕਾਰ ਅਤੇ ਮੇਨੈਜਮੈਂਟ ਤੇ ਵਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਸਾਡੇ ਸਬਰ ਦਾ ਇਮਤਿਹਾਨ ਲੈਣ ਦੀ ਬਜਾਏ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦਾ ਸਰਕੂਲਰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਸਰਕੂਲਰ ਜਾਰੀ ਨਹੀਂ ਹੋ ਜਾਂਦਾ ਓਦੋਂ ਤੱਕ ਸਾਰੇ ਬਿਜਲੀ ਮੁਲਾਜਮ ਸਮੂਹਿਕ ਛੁੱਟੀ ‘ਤੇ ਹੀ ਰਹਿਣਗੇ। ਉਨ੍ਹਾਂ ਸਾਫ ਕੀਤਾ ਕਿ ਲੋੜ ਪੈਣ ‘ਤੇ 3 ਦਿਨ ਦੀ ਸਮੂਹਿਕ ਛੁੱਟੀ ਨੂੰ ਹੋਰ ਵਧਾ ਦਿੱਤਾ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਦੋਸ਼ੀ ਬਿਜਲੀ ਮੁਲਾਜਮ ਨਹੀਂ ਬਲਕਿ ਵਾਅਦਿਆ ਤੋਂ ਭੱਜੀ ਸਰਕਾਰ ਅਤੇ ਮੇਨੈਜਮੈਂਟ ਹੈ। ਇਸ ਲਈ ਚੱਲ ਰਹੇ ਸੰਘਰਸ਼ ਨੂੰ ਸਹਿਯੋਗ ਦੇਕੇ ਇਸਨੂੰ ਲੋਕ ਲਹਿਰ ਬਣਾਇਆ ਜਾਵੇ। ਇਸ ਮੌਕੇ ਦੀਪਕ ਕੁਮਾਰ, ਧਰਮਪਾਲ, ਹਿਰਦੇ ਰਾਮ, ਕਮਲਦੀਪ ਰਣੀਆਂ, ਗੁਰਜੀਤ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਕਮਲਦੀਪ ਸਿੰਘ, ਸਾਹਿਲ ਚੌਧਰੀ, ਜੋਗਿੰਦਰ ਸਿੰਘ, ਸੁੱਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ਿਵ ਕੁਮਾਰ, ਮਨਜੀਤ, ਨਰਿੰਦਰ ਸਿੰਘ, ਰਮੇਸ਼ ਕੁਮਾਰ ਹੋਰ ਪੈਨਸ਼ਨਰਜ਼ ਮੁਲਾਜਮ ਹਾਜਰ ਸਨ।