ਬਟਾਲਾ : ਬਟਾਲਾ ਪੁਲਿਸ ਵੱਲੋਂ ਐੱਸਐੱਸਪੀ ਅਸ਼ਵਨੀ ਗੋਟਿਆਲ ਦੀ ਅਗਵਾਈ ਹੇਠ ਕਾਸੋ ਆਪ੍ਰੇਸ਼ਨ ਤਹਿਤ ਤਲਾਸ਼ੀ ਮੁਹਿੰਮ ਪੁਰੀਆ ਕਲਾਂ ’ਚ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ। ਇਸ ਤਲਾਸ਼ੀ ਮੁਹਿੰਮ ’ਚ ਐੱਸਪੀਡੀ ਰਮਿੰਦਰਜੀਤ ਸਿੰਘ ਦਿਓਲ, ਡੀਐੱਸਪੀ ਨਾਰਕੋਟਿਕਸ ਸੈੱਲ ਲਵਪ੍ਰੀਤ ਸਿੰਘ, ਐੱਸਐੱਚਓ ਇੰਸਪੈਕਟਰ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀਆਂ ਨੇ ਪੁਰੀਆ ਕਲਾਂ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਲਈ। ਪੁਲਿਸ ਦੀ ਇਸ ਕਾਰਵਾਈ ਨਾਲ ਨਸ਼ਾ ਵੇਚਣ ਵਾਲਿਆਂ ’ਚ ਹਫੜਾ-ਦਫੜੀ ਮਚ ਗਈ। ਦੋ ਘੰਟੇ ਤੋਂ ਵਧੇਰੇ ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਔਰਤ ਨੋਟਾਂ ਦੇ ਥੱਬੇ ਮਿਲੇ। ਔਰਤ ਮਿਲੇ ਨੋਟਾਂ ਦੇ ਥਾਬਿਆ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੀ। ਜਿਸ ਕਰਕੇ ਉਸ ਨੂੰ ਪੁੱਛ ਗਿੱਛ ਲਈ ਗ੍ਰਿਫ਼ਤਾਰ ਗਿਆ। ਇਸ ਤੋਂ ਇਲਾਵਾ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕਾਸੋ ਆਪ੍ਰੇਸ਼ਨ ਤਹਿਤ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਮੀਤ ਸਿੰਘ ਵਾਸੀ ਪੰਜ ਖੰਡਲ ਨਵਾਂ ਪਿੰਡ ਵਜੋਂ ਹੋਈ ਹੈ ਅਤੇ ਉਸੇ ਦੀ ਨਿਸ਼ਾਨਦੇਹੀ ਤਹਿਤ ਜਦੋਂ ਗਾਂਧੀ ਨਗਰ ਕੈਂਪ ਦੇ ਇੱਕ ਘਰ ’ਚ ਤਲਾਸ਼ੀ ਲਈ ਤਾਂ ਉੱਥੋਂ 103 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ ਅਤੇ ਇੱਕ ਔਰਤ ਪਿੰਕੀ ਵਾਸੀ ਗਾਂਧੀ ਕੈਂਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਨਸ਼ਾ ਸਮੱਗਲਰਾਂ ਅਤੇ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਪੁਲਿਸ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।