ਖੰਨਾ ਦੇ ਬਜਾਜ ਹਸਪਤਾਲ ਵਿਖੇ ਜਣੇਪੇ ਦੌਰਾਨ ਔਰਤ ਦੀ ਮੌਤ ਹੋ ਗਈ। ਜਿਸ ਮਗਰੋਂ ਔਰਤ ਨੂੰ ਕਿਸੇ ਹੋਰ ਨਿੱਜੀ ਹਸਪਤਾਲ ‘ਚ ਰੈਫ਼ਰ ਕਰ ਦਿੱਤਾ ਗਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਨੇ ਡਾਕਟਰਾਂ ‘ਤੇ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼ ਲਗਾਏ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਪੁਲੀਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾ ਸੰਦੀਪ ਕੌਰ ਵਾਸੀ ਲੁਹਾਰ ਮਾਜਰਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 4 ਸਾਲ ਪਹਿਲਾ ਵਿਆਹ ਹੋਇਆ ਸੀ। 25 ਨਵੰਬਰ ਨੂੰ ਉਸਦੀ ਪਤਨੀ ਨੂੰ ਖੰਨਾ ਦੇ ਬਜਾਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਆਪਰੇਸ਼ਨ ਦੌਰਾਨ ਬੱਚੇ ਦਾ ਜਨਮ ਹੋਇਆ। ਅਪਰੇਸ਼ਨ ਮਗਰੋਂ ਉਸਦੀ ਪਤਨੀ ਦਾ ਖੂਨ ਵਗਦਾ ਰਿਹਾ ਜਿਸ ਸਬੰਧੀ ਹਸਪਤਾਲ ਦੇ ਸਟਾਫ਼ ਨੂੰ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਇਸ ਦੀ ਪਰਵਾਹ ਨਹੀਂ ਕੀਤੀ।
ਫਿਰ ਡਾਕਟਰਾਂ ਨੇ ਉਸਦੀ ਪਤਨੀ ਨੂੰ ਦੂਜੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਜਿਸ ਮਗਰੋਂ ਡਾਕਟਰਾਂ ਨੇ ਸੰਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਅਤੇ ਪਰਿਵਾਰਕ ਮੈਬਰਾਂ ਨੇ ਬਜਾਜ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਸਦੀ ਪਤਨੀ ਦੀ ਮੌਤ ਲਈ ਜਿੰਮੇਵਾਰ ਡਾਕਟਰ ਅਤੇ ਹੋਰ ਸਟਾਫ਼ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਥੇ ਹੀ DSP ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ‘ਤੇ ਪਹੁੰਚੀ ਅਤੇ ਪਰਿਵਾਰਕ ਮੈਬਰਾਂ ਨੂੰ ਸ਼ਾਂਤ ਕੀਤਾ ਗਿਆ। ਲਾਸ਼ ਨੂੰ ਪੋਸਟ ਮਾਰਟਮ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਦੇ ਪਰਿਵਾਰ ਮੈਬਰਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਇਸ ਮਾਮਲੇ ਨੂੰ ਦੇਖਦਿਆਂ ਖੰਨਾ ਇਲਾਕੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਅਣਮਿੱਥੇ ਸਮੇਂ ਲਈ ਡਾਕਟਰੀ ਸੇਵਾਵਾਂ ਬੰਦ ਕਰ ਦਿੱਤੀਆਂ।
ਇਸ ਦੌਰਾਨ ਡਾਕਟਰੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜਣੇਪੇ ਉਪਰੰਤ ਸੰਦੀਪ ਕੌਰ ਦਾ ਖੂਨ ਪਾਣੀ ਬਣ ਗਿਆ ਸੀ। ਜਿਸ ਨੂੰ ਬਚਾਉਣ ਲਈ ਡਾ.ਬਾਜਵਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਰਹੀ ਨਾ ਹੀ ਇਸਦਾ ਤੁਰੰਤ ਇਲਾਜ ਹੋ ਸਕਦਾ ਸੀ। ਜਿਸ ਕਾਰਨ ਸੰਦੀਪ ਕੌਰ ਦੀ ਮੌਤ ਹੋ ਗਈ। ਇਸ ਵਿਚ ਸਬੰਧਤ ਡਾਕਟਰ ਦਾ ਕੋਈ ਕਸੂਰ ਨਹੀਂ ਹੈ।