ਨਗਰ ਨਿਗਮ ਸੀ ਜੋਨ ਨੇ 33 ਫੁੱਟ ਰੋਡ ’ਤੇ ਲਗਾਇਆ ਵਿਸ਼ੇਸ਼ ਕੈਂਪ
ਲੁਧਿਆਣਾ, 11 ਸਤੰਬਰ
ਛੁੱਟੀ ਵਾਲੇ ਦਿਨ ਪ੍ਰਾਪਰਟੀ ਟੈਕਸ ਭਰਨ ਵਾਲੇ ਲੋਕਾਂ ਦੀ ਹੌਂਸਲ ਅਫ਼ਜ਼ਾਈ ਕਰਨ ਦੇ ਲਈ ਨਗਰ ਨਿਗਮ ਨੇ ਅੱਜ ਪ੍ਰਾਪਰਟੀ ਟੈਕਸ ਭਰਨ ਆਏ ਲੋਕਾਂ ਨੂੰ ਬੂਟੇ ਵੰਡ ਸਨਮਾਨਿਤ ਕੀਤਾ। ਇਸ ਵਿਸ਼ੇਸ਼ ਕੈਂਪ ਦੌਰਾਨ ਹਲਕਾ ਦੱਖਣੀ ਦੀ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 30 ਸਤੰਬਰ ਤੱਕ 10 ਫੀਸਦੀ ਛੂਟ ਵੀ ਦਿੱਤੀ ਜਾ ਰਹੀ ਹੈ।
ਇਸ ਕੈਂਪ ਵਿੱਚ ਪ੍ਰਾਪਰਟੀ ਟੈਕਸ ਸੁਪਰਡੈਂਟ ਗੁਰਪ੍ਰਕਾਸ਼ ਸਿੰਘ, ਇੰਸਪੈਕਟਰ ਕਰਨ ਸ਼ਰਮਾ, ਇੰਸਪੈਕਟਰ ਹਰਬੰਸ ਸਿੰਘ, ਅਮਨ ਸ਼ੁਕਲਾ, ਤੇ ਕ੍ਰਿਸ਼ਨਪਾਲ ਨੇ ਆਏ ਹੋਏ ਲੋਕਾਂ ਦਾ ਕੈਂਪ ਵਿੱਚ ਟੈਕਸ ਜਮ੍ਹਾਂ ਕਰਵਾਇਆ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ। ਸੁਪਰਡੈਂਟ ਗੁਰਪ੍ਰਕਾਸ਼ ਸਿੰਘ ਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਇੰਸਪੈਕਟਰ ਕਰਨ ਸ਼ਰਮਾ ਨੇ ਦੱਸਿਆ ਕਿ ਜਿਹਡ਼ੇ ਲੋਕਾਂ ਨੇ ਸਮੇਂ ਸਿਰ ਟੈਕਸ ਜਮ੍ਹਾਂ ਕਰਵਾਇਆ ਹੈ, ਉਨ੍ਹਾਂ ਟੈਕਸ ਵਿੱਚ 10 ਫੀਸਦੀ ਛੂਟ ਦਿੱਤੀ ਜਾ ਰਹੀ ਹੈ। ਇਹ ਸਕੀਮ 30 ਸਤੰਬਰ ਤੱਕ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕਾਂ ਨੇ ਇਸ ਸਕੀਮ ਦਾ ਫਾਇਦਾ ਲਿਆ ਹੈ। ਟੈਕਸ ਦੇਣ ਆਉਣ ਵਾਲੇ ਲੋਕਾਂ ਨੂੰ ਲੋਕਾਂ ਨੂੰ ਬੂਟੇ ਵੰਡੇ ਗਏ। ਤਾਂ ਕਿ ਲੋਕ ਵੱਧ ਤੋਂ ਵੱਧ ਬੂਟੇ ਲਗਾਉਣ।
ਇਸ ਮੌਕੇ ’ਤੇ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਜੇਕਰ ਲੋਕ ਸਹੀ ਸਮੇਂ ਤੇ ਟੈਕਸ ਜਮ੍ਹਾਂ ਕਰਵਾਉਣ ਤਾਂ ਸ਼ਹਿਰ ਦਾ ਸਹੀ ਤਰੀਕੇ ਦੇ ਨਾਲ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿੱਚ ਲੋਕਾਂ ਦੀ ਸਹੂਲਤ ਦੇ ਲਈ ਥਾਂ ਥਾਂ ’ਤੇ ਪ੍ਰਾਪਰਟੀ ਟੈਕਸ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ’ਤੇ ਟੈਕਸ ਦੇ ਕੇ 10 ਫੀਸਦੀ ਛੂਟ ਤੇ ਜੁਰਮਾਨਾ ਤੋਂ ਬੱਚ ਸਕਦੇ ਹਨ।