ਚੰਡੀਗੜ੍ਹ ‘ਚ ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਸ਼ੋਅ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਪੰਜਾਬੀ ਕਲਾਕਾਰਾਂ ‘ਤੇ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ਵਿੱਚ ਦੋ ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਅਸਲ ਵਿੱਚ NIA ਦੇ ਇਨਪੁਟ ਤੋਂ ਬਾਅਦ ਏਪੀ ਢਿੱਲੋਂ ਦੇ ਸ਼ੋਅ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। NIA ਨੇ ਪੰਜਾਬ ਪੁਲਿਸ ਨੂੰ ਇਨਪੁਟ ਦਿੱਤਾ ਹੈ, ਜਿਸ ਵਿੱਚ ਪੰਜਾਬੀ ਕਲਾਕਾਰਾਂ ‘ਤੇ ਹਮਲੇ ਦੀ ਸੰਭਾਵਨਾ ਜਤਾਈ ਗਈ ਹੈ।
ਪੰਜਾਬ ਪੁਲਿਸ ਨੇ ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਵੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਏਪੀ ਢਿੱਲੋਂ ਦੇ ਸ਼ੋਅ ਦੀ ਸੁਰੱਖਿਆ ਵਧਾ ਦਿੱਤੀ ਹੈ। ਸ਼ਹਿਰ ਦੇ ਬਾਹਰਵਾਰ ਪ੍ਰੋਗਰਾਮ ਹੋਣ ਦੇ ਬਾਵਜੂਦ ਇੱਥੇ ਵੀ ਓਨੀ ਹੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਿੰਨੇ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸਨ। ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਮੌਕੇ ‘ਤੇ ਨਾ ਪਹੁੰਚ ਸਕੇ। ਇਸ ਦੇ ਲਈ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਪਾਰਕਿੰਗ ਵੀ ਬਣਾਈ ਗਈ ਹੈ, ਜਿਸ ਤੱਕ ਸ਼ਟਲ ਬੱਸ ਸੇਵਾ ਦੀ ਮਦਦ ਨਾਲ ਹੀ ਪਹੁੰਚਿਆ ਜਾ ਸਕਦਾ ਹੈ।
ਸੁਰੱਖਿਆ ਪ੍ਰਬੰਧਾਂ ਲਈ ਚਾਰ ਡੀਐਸਪੀ ਅਤੇ ਛੇ ਇੰਸਪੈਕਟਰ ਵੀ ਤਾਇਨਾਤ ਕੀਤੇ ਗਏ ਹਨ। ਰੈਲੀ ਵਾਲੀ ਥਾਂ ਦੇ ਸਾਰੇ ਗੇਟਾਂ ‘ਤੇ ਮੈਟਲ ਡਿਟੈਕਟਰ ਲਗਾਏ ਜਾਣਗੇ। ਸ਼ੱਕੀ ਲੋਕਾਂ ‘ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ ‘ਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ NIA ਦੇ ਇਨਪੁਟ ਤੋਂ ਬਾਅਦ ਮੋਹਾਲੀ ਸਥਿਤ ਹੋਮਲੈਂਡ ਸੁਸਾਇਟੀ ਦੀ ਸੁਰੱਖਿਆ ਵਿਵਸਥਾ ਵੀ ਵਧਾ ਦਿੱਤੀ ਗਈ ਹੈ।