ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਇਸ ਵਿਰਾਸਤੀ ਕੇਂਦਰ ਦੀ ਸਥਾਪਨਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਭਾਰਤੀ ਹਵਾਈ ਸੈਨਾ ਦਰਮਿਆਨ ਪਿਛਲੇ ਸਾਲ ਹੋਏ ਇਕ ਸਮਝੌਤੇ ਤਹਿਤ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਅਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ।
ਰਾਜਨਾਥ ਸਿੰਘ ਨੇ ਹੈਰੀਟੇਜ ਸੈਂਟਰ ਵਿਖੇ ਪ੍ਰਦਰਸ਼ਿਤ ਭਾਰਤੀ ਹਵਾਈ ਸੈਨਾ ਦੇ ਅਮੀਰ ਇਤਿਹਾਸ ਨੂੰ ਦੇਖਿਆ ਅਤੇ ਪ੍ਰਸ਼ੰਸਾ ਕੀਤੀ। ਵਿਰਾਸਤੀ ਕੇਂਦਰ ਦੇ ਬਾਹਰ ਚਿੱਟਾ ਟੈਂਟ ਲਗਾਇਆ ਗਿਆ ਹੈ। ਟਰੈਫਿਕ ਮੋੜਨ ਕਾਰਨ ਮੱਧ ਮਾਰਗ ਸਥਿਤ ਸੈਕਟਰ 9 ਵਿੱਚ ਜਾਮ ਲੱਗ ਗਿਆ। ਇਹ ਵਿਰਾਸਤੀ ਕੇਂਦਰ 17 ਹਜ਼ਾਰ ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਰਾਜਨਾਥ ਸਿੰਘ ਨੇ ਇੱਥੇ ਲਗਾਏ ਗਏ ਸਿਮੂਲੇਟਰ ਵਿੱਚ ਬੈਠ ਕੇ ਉੱਡਣ ਦਾ ਲਾਈਵ ਅਨੁਭਵ ਲਿਆ। ਇਸ ਤੋਂ ਇਲਾਵਾ ਰੱਖਿਆ ਮੰਤਰੀ ਮਿਗ-21 ਦੇ ਕਾਕਪਿਟ ‘ਚ ਵੀ ਬੈਠੇ ਸਨ। ਇਸ ਮੌਕੇ ਭਾਰਤੀ ਹਵਾਈ ਸੈਨਾ ਵੱਲੋਂ ਵਿਰਾਸਤੀ ਕੇਂਦਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਇਸ ਤੋਂ ਬਾਅਦ ਰਾਜਨਾਥ ਸਿੰਘ ਨੇ ਰਾਏਪੁਰ ਕਲਾਂ ਵਿੱਚ ਗਊਸ਼ਾਲਾ ਦਾ ਉਦਘਾਟਨ ਵੀ ਕੀਤਾ।