ਚੀਮਾ ਚੌਕ ਦੇ ਨਜਦੀਕ ਪੁਲ ਚੜਦੇ ਹੀ ਬੇਕਾਬੂ ਹੋ ਕੇ ਪਲਟ ਗਿਆ ਟਰੱਕ
ਲੁਧਿਆਣਾ, 14 ਸਤੰਬਰ। ਸਮਰਾਲਾ ਚੌਕ ਤੋਂ ਚੀਮਾ ਚੌਕ ਵੱਲ ਜਾਂਦੇ ਸਮੇਂ ਸ਼ੁੱਕਰਵਾਰ ਦੇਰ ਰਾਤ ਚੌਲਾਂ ਦੀ ਫੱਕ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ’ਤੇ ਹੀ ਪਲਟ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹੋਏ ਹਾਦਸੇ ਦੇ ਦੌਰਾਨ ਟਰੱਕ ਪੁਲ ਦੇ ਦੂਜੇ ਪਾਸੇ ਪਲਟ ਗਿਆ। ਜਿਸ ਕਾਰਨ ਦੋਵੇਂ ਪਾਸਿਓਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੱਕ ਟਰੱਕ ਖਾਲੀ ਨਹੀਂ ਹੋ ਸਕਿਆ। ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇੱਕ ਵਾਰ ਤਾਂ ਪੁਲੀਸ ਨੂੰ ਵੀ ਟਰੈਫਿਕ ਨੂੰ ਕੰਟਰੋਲ ਕਰਨ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਿਸੇ ਤਰ੍ਹਾਂ ਪੁਲੀਸ ਨੇ ਮੌਕੇ ’ਤੇ ਰਸਤਾ ਡਾਇਵਟ ਕਰਕੇ ਆਵਾਜਾਈ ਨੂੰ ਕੰਟਰੋਲ ਕੀਤਾ। ਜਿਸ ਤੋਂ ਬਾਅਦ ਫੱਕ ਨੂੰ ਦੂਸਰੇ ਟਰੱਕ ਵਿੱਚ ਲੋਡ ਕੀਤਾ ਗਿਆ ਅਤੇ ਫਿਰ ਕਰੇਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ। ਜਿਸ ਤੋਂ ਬਾਅਦ ਆਵਾਜਾਈ ਨਿਰਵਿਘਨ ਚੱਲ ਸਕੀ। ਜਾਣਕਾਰੀ ਅਨੁਸਾਰ ਫੱਕ ਨਾਲ ਭਰਿਆ ਟਰੱਕ ਸਮਰਾਲਾ ਚੌਕ ਤੋਂ ਚੀਮਾ ਚੌਕ ਵੱਲ ਜਾ ਰਿਹਾ ਸੀ। ਜਿਵੇਂ ਹੀ ਟਰੱਕ ਪੁਲ ’ਤੇ ਚੜ੍ਹਿਆ ਤਾਂ ਅੱਗੇ ਜਾ ਰਹੀ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਡਿੱਗਿਆ। ਟਰੱਕ ਵਿੱਚ ਸਵਾਰ ਡਰਾਈਵਰ ਤੇ ਉਸ ਦਾ ਸਾਥੀ ਵਾਲ ਵਾਲ ਬਚ ਗਏ। ਰਾਹਗੀਰਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਵਾਹਨਾਂ ਦਾ ਉਥੋਂ ਲੰਘਣਾ ਮੁਸ਼ਕਿਲ ਹੋ ਗਿਆ ਅਤੇ ਦੇਰ ਰਾਤ ਤੱਕ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਸਵੇਰ ਤੱਕ ਵਾਹਨਾਂ ਦੀ ਭਾਰੀ ਭੀੜ ਹੋ ਗਈ ਅਤੇ ਇੱਥੋਂ ਲੰਘਣਾ ਮੁਸ਼ਕਿਲ ਹੋ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਰਸਤਾ ਡਾਇਵਟ ਕੀਤਾ ਅਤੇ ਕੁਝ ਰਾਹਤ ਮਿਲੀ। ਜਿਸ ਤੋਂ ਬਾਅਦ ਲੇਬਰ ਨੂੰ ਲਗਾ ਕੇ ਫੱਕ ਨੂੰ ਦੂਸਰੇ ਟਰੱਕ ਵਿੱਚ ਲੋਡ ਕੀਤਾ ਗਿਆ। ਟਰੱਕ ਨੂੰ ਕਰੇਨ ਨਾਲ ਸਿੱਧਾ ਕਰ ਕੇ ਟਰੈਫਿਕ ਖੁਲ੍ਹਵਾਇਆ ਗਿਆ।