ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਪਾਕਿਸਤਾਨ ‘ਚ ਕਈ ਥਾਵਾਂ ‘ਤੇ ਹਿੰਸਾ ਅਤੇ ਅੱਤਵਾਦੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।ਬਲੋਚਿਸਤਾਨ ‘ਚ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਧਮਾਕੇ ਦੀ ਅੱਗ ਅਜੇ ਬੁਝੀ ਨਹੀਂ ਸੀ ਕਿ ਪਾਕਿਸਤਾਨ ‘ਚ ਇਕ ਵਾਰ ਫਿਰ ਅੱਤਵਾਦੀਆਂ ਨੇ ਦਹਿਸ਼ਤ ਫੈਲਾ ਦਿੱਤੀ ਹੈ।
ਚੋਣਾਂ ਤੋਂ ਠੀਕ ਪਹਿਲਾਂ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਸ਼ਹਿਰ ਦੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਵੱਡਾ ਹਮਲਾ ਕੀਤਾ ਹੈ। ਸੀਨੀਅਰ ਪੁਲਸ ਅਧਿਕਾਰੀ ਅਨੀਸੁਲ ਹਸਨ ਮੁਤਾਬਕ ਇਸ ਅੱਤਵਾਦੀ ਹਮਲੇ ‘ਚ 10 ਪੁਲਸ ਕਰਮਚਾਰੀ ਮਾਰੇ ਗਏ ਜਦਕਿ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੋਮਵਾਰ ਤੜਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਅਣਪਛਾਤੇ ਅੱਤਵਾਦੀਆਂ ਨੇ ਪਹਿਲਾਂ ਸਨਾਈਪਰ ਗੋਲੀ ਚਲਾਈ ਅਤੇ ਫਿਰ ਚੌਧਵਨ ਥਾਣੇ ‘ਚ ਦਾਖਲ ਹੋ ਗਏ। ਇਸ ਦੌਰਾਨ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ ਹੱਥਗੋਲੇ ਵੀ ਸੁੱਟੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਜਾਨ ਗੁਆਉਣ ਵਾਲਿਆਂ ‘ਚ ਸਵਾਬੀ ਦੀ ਇਲੀਟ ਪੁਲਸ ਯੂਨਿਟ ਦੇ 6 ਪੁਲਸ ਕਰਮਚਾਰੀ ਵੀ ਸ਼ਾਮਲ ਹਨ, ਜੋ ਚੋਣਾਂ ਦੌਰਾਨ ਸਥਾਨਕ ਪੁਲਸ ਦੀ ਮਦਦ ਲਈ ਇਲਾਕੇ ‘ਚ ਤਾਇਨਾਤ ਸਨ।