ਚੀਨੀ ਵਿਗਿਆਨੀਆਂ ਦੀ ਇੱਕ ਟੀਮ ਨੇ ਚਮਗਿੱਦੜਾਂ ਵਿੱਚ ਇੱਕ ਨਵਾਂ ਕੋਰੋਨਾਵਾਇਰਸ, HKU5-CoV-2, ਖੋਜਿਆ ਹੈ ਜੋ ਮਨੁੱਖਾਂ ਨੂੰ ਸੰਕਰਮਿਤ ਕਰ ਸਕਦਾ ਹੈ। ਇਸ ਟੀਮ ਦੀ ਅਗਵਾਈ ਮਸ਼ਹੂਰ ਵਿਗਿਆਨੀ ਸ਼ੀ ਝੇਂਗਲੀ ਕਰ ਰਹੇ ਹਨ, ਜਿਨ੍ਹਾਂ ਨੂੰ ‘ਬੈਟਵੂਮੈਨ’ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕੋਰੋਨਾਵਾਇਰਸ ‘ਤੇ ਬਹੁਤ ਖੋਜ ਕੀਤੀ ਹੈ। ਇਸ ਖੋਜ ਨੇ ਇੱਕ ਹੋਰ ਸੰਭਾਵੀ ਵਾਇਰਸ ਬਿਮਾਰੀ ਦੇ ਜੋਖਮ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦੀ ਹੈ।
ਜਾਣਕਾਰੀ ਦੇ ਅਨੁਸਾਰ, ਖੋਜਕਰਤਾਵਾਂ ਨੇ ਪਾਇਆ ਕਿ HKU5-CoV-2 ਵਾਇਰਸ ਇਨਸਾਨਾਂ ਦੇ ACE2 ਰੀਸੈਪਟਰ ਨਾਲ ਜੁੜ ਸਕਦਾ ਹੈ। ਇਹ ਉਹ ਰੀਸੈਪਟਰ ਹੈ ਜਿਸ ਰਾਹੀਂ SARS-CoV-2 ਵਾਇਰਸ ਜੋ COVID-19 ਫੈਲਾਉਂਦਾ ਹੈ, ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਸਮਾਨਤਾ ਦੇ ਕਾਰਨ ਇਹ ਡਰ ਹੈ ਕਿ ਇਹ ਵਾਇਰਸ ਮਨੁੱਖਾਂ ਵਿੱਚ ਫੈਲ ਸਕਦਾ ਹੈ, ਪਰ ਇਸਦੇ ਅਸਲ ਪ੍ਰਭਾਵ ਨੂੰ ਜਾਣਨ ਲਈ ਹੋਰ ਖੋਜ ਦੀ ਲੋੜ ਹੈ।
ਖੋਜਕਰਤਿਆਂ ਦਾ ਕਹਿਣਾ ਹੈ ਕਿ ਅਸੀਂ HKU5-CoV ਦੇ ਇੱਕ ਵੱਖਰੇ ਲਿਨੀਅਜ ਦੀ ਖੋਜ ਦੀ ਰਿਪੋਰਟ ਕਰ ਰਹੇ ਹਾਂ, ਜੋ ਨਾ ਸਿਰਫ਼ ਚਮਗਿੱਦੜ ਤੋਂ ਚਮਗਿੱਦੜ ਤੱਕ, ਬਲਕਿ ਇਨਸਾਨ ਅਤੇ ਹੋਰ ਸਤਨਧਾਰੀ ਜੀਵਾਂ ਵਿੱਚ ਵੀ ਆਸਾਨੀ ਨਾਲ ਪਹੁੰਚ ਸਕਦਾ ਹੈ। ਖੋਜਕਰਤਿਆਂ ਨੇ ਪਤਾ ਲਗਾਇਆ ਕਿ ਜਦੋਂ ਵਾਇਰਸ ਨੂੰ ਚਮਗਿੱਦੜ ਦੇ ਨਮੂਨਿਆਂ ਵਿੱਚੋਂ ਵੱਖ ਕੀਤਾ ਗਿਆ, ਤਾਂ ਇਹ ਮਨੁੱਖੀ ਕੋਸ਼ਿਕਾਵਾਂ ਅਤੇ ਕ੍ਰਿਤਰਿਮ ਤਰੀਕੇ ਨਾਲ ਤਿਆਰ ਕੀਤੀਆਂ ਕੋਸ਼ਿਕਾਵਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ।
ਖੋਜਕਰਤਿਆਂ ਨੇ ਅੱਗੇ ਦੱਸਿਆ ਕਿ ਇਸ ਵਾਇਰਸ ਦੇ ਚਮਗਿੱਦੜ ਤੋਂ ਇਨਸਾਨਾਂ ਤੱਕ ਫੈਲਣ ਦਾ ਜੋਖਮ ਕਾਫੀ ਵੱਧ ਹੈ। ਇਹ ਸਿੱਧੀ ਲਾਗ ਜਾਂ ਕਿਸੇ ਮਾਧਿਅਮ ਰਾਹੀਂ ਵੀ ਫੈਲ ਸਕਦਾ ਹੈ। ਇਸ ਵਿੱਚ ਚਾਰ ਵੱਖ-ਵੱਖ ਪ੍ਰਜਾਤੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਚਮਗਿੱਦੜਾਂ ਵਿੱਚ ਤੇ ਇੱਕ ਹੇਜ਼ਹੌਗ (ਕੰਟਾਲੀ ਗਿਲਹਾਰੀ) ਵਿੱਚ ਮਿਲਿਆ ਹੈ। ਇਸ ਵਾਇਰਸ ਨੂੰ ਪਿਛਲੇ ਸਾਲ ਮਹਾਂਮਾਰੀ ਦੀ ਤਿਆਰੀ ਲਈ ਵਿਸ਼ਵ ਸਿਹਤ ਸੰਸਥਾ (WHO) ਦੀ ਉਭਰ ਰਹੀਆਂ ਬਿਮਾਰੀਆਂ (ਪੈਥੋਜਨ) ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ।