ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਇਹ ਹੈ ਕਿ ਖਤਰਨਾਕ ਵਾਇਰਸ ਫੈਲ ਗਿਆ ਹੈ। ਇਹ ਵਾਇਰਸ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਘੋੜਿਆਂ ਅਤੇ ਖੱਚਰਾਂ ਦੀ ਬਿਮਾਰੀ ਨਾਲ ਸਬੰਧਤ ਹੈ। 12 ਘੋੜਿਆਂ ਅਤੇ ਖੱਚਰਾਂ ‘ਚ ਇਸ ਖਤਰਨਾਕ ਵਾਇਰਸ ਦੀ ਪੁਸ਼ਟੀ ਹੋਈ ਹੈ ਜਿਹੜੇ ਕਿ ਯਾਤਰਾ ਦੇ ਰੂਟ ‘ਤੇ ਚੱਲ ਰਹੇ ਹਨ। ਇਸੇ ਕਰਕੇ ਉਤਰਾਖੰਡ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਨੇ ਇਸ ਸਬੰਧੀ ਸਕੱਤਰੇਤ ਵਿਚ ਮੀਟਿੰਗ ਵੀ ਸੱਦੀ ਹੈ।
ਪਸ਼ੂ ਪਾਲਣ ਮੰਤਰੀ ਸੌਰਭ ਬਹੁਗੁਣਾ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਇਸ ਵਾਇਰਸ ਨਾਲ ਪੀੜਤ ਘੋੜਿਆਂ ਜਾਂ ਖੱਚਰਾਂ ਨੂੰ ਕਿਸੇ ਵੀ ਯਾਤਰਾ ਵਿਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯਾਤਰਾ ਵਿਚ ਸ਼ਾਮਲ ਕੋਈ ਵੀ ਘੋੜਾ ਜਾਂ ਖੱਚਰ ਜੇਕਰ ਇਸ ਬੀਮਾਰੀ ਨਾਲ ਸੰਕਰਮਿਤ ਪਾਇਆ ਗਿਆ ਤਾਂ ਸਬੰਧਤ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਣਗੇ ਤੇ ਕੋਈ ਵੀ ਅਧਿਕਾਰੀ ਇਸ ਨੂੰ ਹਲਕੇ ਵਿਚ ਨਾ ਲੈਣ ਤੇ ਨਿੱਜੀ ਤੌਰ ‘ਤੇ ਉਹ ਸਾਰੇ ਘੋੜਿਆਂ ਤੇ ਖਚਰਾਂ ਦੀ ਜਾਂਚ ਕਰਵਾਉਣ।
ਦੱਸ ਦੇਈਏ ਕਿ ਅਕਸ਼ੈ ਤ੍ਰਿਤਯਾ ਦੇ ਦਿਨ ਗੰਗੋਤਰੀ-ਯਮੁਨੋਤਰੀ, ਕੇਦਾਰਨਾਥ ਧਾਮ ਦੇ 2 ਮਈ ਤੇ ਬਦਰੀਨਾਥ ਧਾਮ ਦੇ ਦਰਵਾਜ਼ੇ 4 ਮਈ ਨੂੰ ਖੁੱਲ੍ਹਣਗੇ। ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਖੁੱਲ੍ਹਣਗੇ ਤੇ ਇਨ੍ਹਾਂ ਸਭ ਵਿਚਾਲੇ ਇਸ ਖਤਰਨਾਕ ਵਾਇਰਸ ਦੀ ਐਂਟਰੀ ਹੋਈ ਹੈ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਕੱਲੇ ਰੁਦਰਪ੍ਰਯਾਗ ਵਿਚ 12 ਘੋੜਸਵਾਰ ਜਾਨਵਰਾਂ ਵਿਚ ਵਾਇਰਸ ਪਾਇਆ ਗਿਆ ਹੈ, ਪਰ ਸਰਕਾਰ ਨੇ ਯਾਤਰਾ ਦੇ ਰੂਟ ‘ਤੇ ਚੱਲਣ ਵਾਲੇ ਸਾਰੇ ਘੋੜਿਆਂ ਅਤੇ ਖੱਚਰਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਜਿਹੜੇ ਜਾਨਵਰਾਂ ਵਿਚ ਇਹ ਵਾਇਰਸ ਪਾਇਆ ਗਿਆ ਹੈ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਇਸ ਨੂੰ ਰੋਕਣ ਲਈ ਰੁਦਰਪ੍ਰਯਾਗ ਵਿਚ ਦੋ ਕੁਆਰੰਟੀਨ ਸੈਂਟਰ ਬਣਾਏ ਜਾ ਰਹੇ ਹਨ।