Thursday, September 19, 2024
spot_img

ਘੱਟ ਉਮਰ ਦੇ ਵਾਹਨ ਚਲਾਉਣ ਵਾਲਿਆਂ ’ਤੇ ਪੁਲੀਸ ਦੀ ਸਖ਼ਤ ਕਾਰਵਾਈ, 21 ਸਕੂਲੀ ਬੱਚਿਆਂ ਦੇ ਵਾਹਨਾਂ ਦੇ ਚਲਾਨ

Must read

ਲੁਧਿਆਣਾ, 21 ਅਗਸਤ : ਪੁਲੀਸ ਵੱਲੋਂ ਸ਼ਹਿਰ ਵਿੱਚ ਘੱਟ ਉਮਰ ਦੇ ਵਾਹਨ ਚਲਾਉਣ ਵਾਲਿਆਂ ’ਤੇ ਕਾਰਵਾਈ ਕਰਨ ਲਈ ਦਿੱਤੀ ਗਈ ਸਮਾਂ ਸੀਮਾ ਮੰਗਲਵਾਰ ਨੂੰ ਖ਼ਤਮ ਹੋ ਗਈ। ਬੁੱਧਵਾਰ ਨੂੰ ਕਮਿਸ਼ਨਰੇਟ ਦੀ ਟਰੈਫਿਕ ਪੁਲੀਸ ਨੇ ਕਈ ਥਾਵਾਂ ’ਤੇ ਸਕੂਲਾਂ ਦੇ ਬਾਹਰ ਨਾਕੇਬੰਦੀ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਵਾਹਨ ਚਲਾ ਰਹੇ ਨਾਬਾਲਿਗ ਬੱਚਿਆਂ ਖਿਲਾਫ ਸਖਤ ਕਾਰਵਾਈ ਕੀਤੀ। ਪੁਲੀਸ ਨੇ ਪਹਿਲੇ ਦਿਨ 21 ਵਾਹਨਾਂ ਦੇ ਚਲਾਨ ਕੀਤੇ। ਜੇ ਟਰੈਫਿਕ ਪੁਲੀਸ ਲੁਧਿਆਣਾ ਦੀ ਗੱਲ ਕਰੀਏ ਤਾਂ ਦੋ ਏਸੀਪੀ ਟਰੈਫਿਕ ਤਾਇਨਾਤ ਹਨ। ਜਦੋਂ ਏ.ਸੀ.ਪੀ ਗੁਰਪ੍ਰੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ ਅਤੇ ਸਿਰਫ ਇੰਨਾ ਹੀ ਕਿਹਾ ਕਿ ਪੁਲੀਸ ਨੇ ਅਜੇ ਤੱਕ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਘੱਟ ਉਮਰ ਦੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਕੂਲਾਂ ਦੇ ਬਾਹਰ ਅਜੇ ਤੱਕ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਜਦੋਂ ਏ.ਸੀ.ਪੀ ਚਰਨਜੀਵ ਲਾਂਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇ ਥਾਵਾਂ ’ਤੇ ਨਾਕਾਬੰਦੀ ਦੌਰਾਨ 21 ਨਾਬਾਲਿਗ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ 2019 ਵਿੱਚ ਸੋਧੇ ਗਏ ਮੋਟਰ ਵਹੀਕਲ ਐਕਟ ਦੇ ਅਨੁਸਾਰ ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਆਪਣੇ ਨਾਬਾਲਿਗ ਬੱਚੇ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਨਾ ਸਿਰਫ਼ ਬੱਚੇ ਦਾ ਚਲਾਨ ਕੱਟਿਆ ਜਾਵੇਗਾ, ਸਗੋਂ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ-ਨਾਲ ਤਿੰਨ ਸਾਲ ਦੀ ਕੈਦ ਦੀ ਵਿਵਸਥਾ ਵੀ ਕੀਤੀ ਗਈ ਹੈ। ਏਡੀਜੀਪੀ ਟਰੈਫਿਕ ਏ.ਐਸ ਰਾਏ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਪਰਿਵਾਰਕ ਮੈਂਬਰ ਸਕੂਲੀ ਬੱਚਿਆਂ ਨੂੰ ਛੱਡ ਕੇ ਜਾਣ ਤੇ ਲੈ ਕੇ ਜਾਣ। ਜਿਸ ਤੋਂ ਬਾਅਦ ਟਰੈਫਿਕ ਪੁਲੀਸ ਨੇ ਮਹਾਨਗਰ ਦੇ ਸਕੂਲਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਸੀ। ਜਿਸ ਤੋਂ ਬਾਅਦ 1 ਅਗਸਤ ਤੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ। ਪਰ ਬਾਅਦ ਵਿੱਚ ਪੁਲੀਸ ਨੇ ਇਹ ਕਾਰਵਾਈ ਵੀਹ ਦਿਨਾਂ ਲਈ ਟਾਲ ਦਿੱਤੀ। 21 ਅਗਸਤ ਦੀ ਤਰੀਕ ਆਉਂਦੇ ਹੀ ਕਮਿਸ਼ਨਰੇਟ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲੀਸ ਵੱਲੋਂ ਛੇ ਥਾਵਾਂ ’ਤੇ ਲਾਏ ਗਏ ਸਨ ਨਾਕੇ : ਏਸੀਪੀ ਚਰਨਜੀਵ ਲਾਂਬਾ ਨੇ ਦੱਸਿਆ ਕਿ ਟਰੈਫਿਕ ਪੁਲੀਸ ਵੱਲੋਂ ਛੇ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਜਿਸ ਵਿਚ ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਮਾਡਲ ਟਾਊਨ, ਦੁੱਗਰੀ ਸਮੇਤ ਹੋਰ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 21 ਵਾਹਨਾਂ ਦੇ ਚਲਾਨ ਕੱਟੇ ਗਏ। ਚਲਾਨ ਦੇ ਨਾਲ ਹੀ 199ਏ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਏਸੀਪੀ ਨੇ ਦੱਸਿਆ ਕਿ ਇਨ੍ਹਾਂ ਚਲਾਨਾਂ ਨੂੰ ਅੱਗੇ ਅਦਾਲਤ ਵਿੱਚ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਅਦਾਲਤ ਉਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸੰਮਨ ਕਰੇਗੀ। ਏਸੀਪੀ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ। ਇਸ ਜਾਗਰੂਕਤਾ ਦਾ ਨਿਸ਼ਚਿਤ ਤੌਰ ’ਤੇ ਇੰਨਾ ਫਾਇਦਾ ਹੋਇਆ ਹੈ ਕਿ ਘੱਟ ਉਮਰ ਦੇ ਡਰਾਈਵਿੰਗ ਕਰਨ ਵਾਲੇ ਬੱਚੇ ਆਪਣੇ ਵਾਹਨ ਆਪਣੇ ਨਾਲ ਨਹੀਂ ਲੈ ਕੇ ਆਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਕੂਲਾਂ ਤੋਂ ਲੈਣ ਆਉਂਦੇ ਹਨ। ਏਸੀਪੀ ਨੇ ਕਿਹਾ ਕਿ ਨਾਬਾਲਿਗ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article