ਜ਼ਿਲ੍ਹਾ ਤਰਨਤਾਰਨ ਦੇ ਦੋ ਸ਼ੌਂਕੀ ਨੌਜਵਾਨਾਂ ਨੇ ਆਪਣੇ ਸ਼ੌਂਕ ਲਈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ HDFC ਬੈਂਕ ਦੇ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ਨੌਜਵਾਨਾਂ ਵੱਲੋਂ 3 ਲੱਖ ਤੋਂ ਵੱਧ ਦੀ ਲੁੱਟ ਕੀਤੀ ਗਈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 20 ਦਸੰਬਰ 2024 ਨੂੰ ਅੰਮ੍ਰਿਤਸਰ ਮਹਿਤਾ ਰੋਡ ਦੇ ਉੱਪਰ ਐਚ.ਡੀ.ਐਫ.ਸੀ ਬੈਂਕ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਦੋਨੋ ਨੌਜਵਾਨ 3 ਲੱਖ 96 ਹਜ਼ਾਰ ਦੀ ਲੁੱਟ ਕਰਕੇ ਮੌਕੇ ‘ਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਦੇ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਦੇ ਕੋਲੋਂ ਇੱਕ ਲੱਖ ਰੁਪਏ ਕੈਸ਼ ਇੱਕ 32 ਬੋਰ ਦੀ ਪਿਸਤੋਲ ਅਤੇ ਪੰਜ ਜਿੰਦਾ ਰੋਂਦ ਅਤੇ ਇੱਕ ਕਾਰ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨਾਂ ਵੱਲੋਂ ਬੈਂਕ ‘ਚੋਂ ਲੁੱਟ ਕਰਨ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਘੋੜੀ ਵੀ ਖਰੀਦੀ ਗਈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਘੋੜੀ ਰੱਖਣ ਦੇ ਸ਼ੌਕੀਨ ਸੀ ਜਿਸ ਕਰਕੇ ਇਹਨਾਂ ਵੱਲੋਂ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।