ਜਲੰਧਰ, 4 ਫਰਵਰੀ 2024 – ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਵਿਰੋਧੀ ਗੈਂਗਸਟਰ ਨੂੰ ਜਲੰਧਰ ਪੁਲਿਸ ਨੇ ਉਸ ਦੇ 3 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਹਰੀਕੇ ਵਾਸੀ ਪਿੰਡ ਹਰੀਕੇ, ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ ਅਤੇ ਕਰੀਬ 14 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਿਸ ਦੇ ਖਿਲਾਫ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਜੱਸਾ ਪਾਕਿਸਤਾਨ ਤੋਂ ਕਰੀਬ 7 ਵਾਰ ਡਿਲੀਵਰੀ ਆਰਡਰ ਕਰ ਚੁੱਕਾ ਹੈ।
ਸੀਆਈਏ ਸਟਾਫ਼ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਹੈਰੋਇਨ ਲਿਆਉਂਦੇ ਸਨ। ਜਿਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਸਪਲਾਈ ਕੀਤਾ ਗਿਆ। ਜੱਸਾ ਸਪਲਾਈ ਲਈ ਹੀ ਸ਼ਹਿਰ ਆਇਆ ਹੋਇਆ ਸੀ। ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਪੁਲਸ ਨੇ ਜੱਸਾ ਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇੰਚਾਰਜ ਕੰਬੋਜ ਨੇ ਦੱਸਿਆ ਕਿ ਜਲਦੀ ਹੀ ਪੁਲੀਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।