ਪਟਿਆਲਾ, 15 ਮਈ : ਗੁਰਦੁਆਰਾ ਸਾਹਿਬ ‘ਚ ਔਰਤ ਦੇ ਕਤਲ ਨੂੰ ਲੈ ਕੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ। ਜਿਸਨੂੰ ਸ਼ਰਾਬ ਪੀਣ ਦੀ ਲੱਤ ਲੱਗੀ ਹੋਈ ਸੀ ਤੇ ਇਸਦਾ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਚੱਲ ਰਿਹਾ ਸੀ। ਇਹ ਜਾਣਕਾਰੀ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਇਹ ਔਰਤ ਬੀਤੇ ਕੱਲ੍ਹ ਜ਼ੀਰਕਪੁਰ ਤੋਂ ਬੱਸ ਵਿਚ ਬੈਠ ਕੇ ਪਟਿਆਲਾ ਪਹੁੰਚੀ ਸੀ ਤੇ ਇਹ ਸ਼ਰਾਬ ਦਾ ਬੋਤਲ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਪਹੁੰਚੀ ਸੀ। ਇਥੇ ਸੰਗਤਾਂ ਨੇ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਇਸਨੇ ਉਲਟਾ ਉਹਨਾਂ ’ਤੇ ਹਮਲਾ ਕੀਤਾ। ਉਨਾਂ ਦੱਸਿਆ ਕਿ ਇਸਨੂੰ ਮਾਰਨ ਵਾਲਾ ਨਿਰਮਲਜੀਤ ਸਿੰਘ ਸੈਣੀ ਧਾਰਮਿਕ ਆਸਥਾ ਵਾਲਾ ਸ਼ਰਧਾਲੁ ਹੈ ਜੋ ਇਸਦੇ ਸ਼ਰਾਬ ਪੀਣ ਤੋਂ ਤੈਸ਼ ਵਿਚ ਆ ਗਿਆ ਤੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ 5 ਗੋਲੀਆਂ ਚਲਾਈਆਂ ਜਿਸ ਵਿਚੋਂ 4 ਔਰਤ ਨੂੰ ਲੱਗੀਆਂ ਤੇ ਇੱਕ ਗੋਲੀ ਸੇਵਾਦਾਰ ਸਾਗਰ ਨੂੰ ਲੱਗ ਗਈ। ਸੇਵਾਦਾਰ ਦਾ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਖਤਰੇ ਤੋਂ ਬਾਹਰ ਹੈ। SSP ਨੇ ਦੱਸਿਆ ਕਿ ਇਸ ਔਰਤ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ, ਉਸ ’ਤੇ ਕਿਸੇ PG ਦਾ ਪਤਾ ਸੀ ਅਤੇ ਇਹ ਪਿਛਲੇ 2-3 ਸਾਲਾਂ ਤੋਂ ਨਹੀਂ ਉੱਥੇ ਨਹੀਂ ਰਹਿ ਰਹੀ ਸੀ। ਪੁਲਿਸ ਅਨੁਸਾਰ ਔਰਤ ਦੀ ਲਾਸ਼ ਲੈਣ ਲਈ ਹੁਣ ਤੱਕ ਕੋਈ ਵੀ ਵਾਰਸ ਪੁਲਿਸ ਕੋਲ ਨਹੀਂ ਪੁੱਜਾ।