ਪੰਜਾਬੀ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕੀਆਂ ਦੇਣ ਦੇ ਮਾਮਲੇ ਵਿੱਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮੁਹਾਲੀ ਪੁਲੀਸ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੇ ਫਿਰੌਤੀ ਮੰਗੀ ਸੀ।
ਜੁਡੀਸ਼ੀਅਲ ਮੈਜਿਸਟਰੇਟ ਸਵਿਤਾ ਦਾਸ ਦੀ ਅਦਾਲਤ ਨੇ ਸਰਕਾਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਮੁਹਾਲੀ ਪੁਲੀਸ ਵੀ ਵਾਇਸ ਮੈਸੇਜ ਅਤੇ ਚੈਟਿੰਗ ਦਾ ਰਿਕਾਰਡ ਅਦਾਲਤ ਵਿੱਚ ਲਿਆਉਣ ਵਿੱਚ ਨਾਕਾਮ ਰਹੀ ਹੈ। ਇਸ ਕਾਰਨ ਦੋਵਾਂ ਗੈਂਗਸਟਰਾਂ ‘ਤੇ ਫਿਰੌਤੀ ਮੰਗਣ ਦੇ ਦੋਸ਼ ਸਾਬਤ ਨਹੀਂ ਹੋ ਸਕੇ।
ਸੈਕਟਰ-69 ਦੇ ਰਹਿਣ ਵਾਲੇ ਪੰਜਾਬੀ ਗਾਇਕ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ 31 ਮਈ 2018 ਨੂੰ ਸ਼ਾਮ 4 ਵਜੇ ਉਸ ਦੇ ਮੋਬਾਈਲ ’ਤੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਵਟਸਐਪ ਮੈਸੇਜ ਆਇਆ। ਇਸ ਵਿੱਚ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਧਮਕੀ ‘ਚ ਕਿਹਾ ਗਿਆ ਸੀ ਕਿ ਜੇਕਰ ਉਸ ਨੇ ਗੱਲ ਨਾ ਮੰਨੀ ਤਾਂ ਉਸ ਨੂੰ ਪਰਮੀਸ਼ ਵਰਮਾ ਅਤੇ ਚਮਕੀਲੇ ਵਰਗੇ ਨਤੀਜੇ ਭੁਗਤਣੇ ਪੈਣਗੇ। ਪੁਲਿਸ ਨੇ 1 ਜੂਨ 2018 ਨੂੰ ਗਿੱਪੀ ਦੀ ਸ਼ਿਕਾਇਤ ‘ਤੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਮਾਮਲਾ ਦਰਜ ਕੀਤਾ ਸੀ।