ਲੁਧਿਆਣਾ, 6 ਸਤੰਬਰ : ਵਿਦੇਸ਼ ਭੇਜਣ ਦੇ ਨਾਂ ’ਤੇ ਪੰਜਾਬ ਦੇ ਕਈ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਲੋਬਲ ਵੇਅ ਇਮੀਗ੍ਰੇਸ਼ਨ ਦੇ ਮਾਲਕ ਭੈਣ-ਭਰਾ ਨੂੰ ਆਖਿਰਕਾਰ ਕਮਿਸ਼ਨਰੇਟ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਕਈ ਲੋਕਾਂ ਨੇ ਗਲੋਬਲ ਇਮੀਗ੍ਰੇਸ਼ਨ ਖਿਲਾਫ ਮੋਰਚਾ ਖੋਲਿ੍ਆ ਸੀ। ਧੂਰੀ ਇਲਾਕੇ ਦੇ ਰਹਿਣ ਵਾਲੇ ਜੋੜੇ ਨੇ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੁਲੀਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਰੋੜ 7 ਲੱਖ 86 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗਲੋਬਲ ਵੇਅ ਇਮੀਗ੍ਰੇਸ਼ਨ ਦੇ ਮਾਲਕ ਅਮਿਤ ਮਲਹੋਤਰਾ ਅਤੇ ਵਿਨੂ ਮਲਹੋਤਰਾ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਹਾਂਨਗਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਲੋਕਾਂ ਨੇ ਗਲੋਬਲ ਵੇਅ ਇਮੀਗ੍ਰੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਮੁਲਜ਼ਮ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨੂੰ ਵਰਗਲਾਉਂਦੇ ਸਨ ਅਤੇ ਉਨ੍ਹਾਂ ਨੂੰ ਇਹ ਧੋਖਾ ਦਿੰਦੇ ਸਨ ਕਿ ਫਾਈਲ ਜਮਾ ਕਰਵਾ ਕੇ ਵੀਜ਼ਾ ਲਗਵਾਉਣ ਤੋਂ ਬਾਅਦ ਪੂਰੀ ਰਕਮ ਲੈ ਲੈਣਗੇ। ਜਦੋਂ ਮੁਲਜ਼ਮ ਫਾਈਲ ਬਣਾ ਕੇ ਲੋਕਾਂ ਵਿੱਚ ਇਹ ਡਰ ਪੈਦਾ ਕਰਦੇ ਸਨ ਕਿ ਉਨ੍ਹਾਂ ਦੀ ਫਾਈਲ ਰੱਦ ਹੋ ਸਕਦੀ ਹੈ। ਫਾਈਲ ਰੱਦ ਹੋਣ ਦੇ ਡਰੋਂ ਮੁਲਜ਼ਮ ਲੋਕਾਂ ਤੋਂ ਲੱਖਾਂ ਰੁਪਏ ਹੜੱਪ ਲੈਂਦੇ ਸਨ। ਮੁਲਜ਼ਮਾਂ ਨੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਕਈ ਕੇਸ ਵੀ ਦਰਜ ਹਨ। ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਰੋੜ 7 ਲੱਖ 86 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲੀਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।