ਫਤਹਿਗੜ੍ਹ ਸਾਹਿਬ, 13 ਅਗਸਤ : ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਜੋ ਅਕਸਰ ਹੀ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਦਾ ਹੁਣ ਫਤਿਹਗੜ੍ਹ ਸਾਹਿਬ ਵਿੱਚ ਰਹਿੰਦੇ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਹਮਲੇ ਵਿੱਚ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਤੋਂ ਇਲਾਵਾ ਪ੍ਰਭਦੀਪ ਸਿੰਘ, ਬਾਬੇ ਦੀ ਸੱਸ ਗੁਰਜੀਤ ਕੌਰ ਅਤੇ ਰਮਨਜੋਤ ਸਿੰਘ ਜ਼ਖ਼ਮੀ ਹੋ ਗਏ।
ਫਤਹਿਗੜ੍ਹ ਸਾਹਿਬ ਦੀ ਕਿਸਾਨ ਆਗੂ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਇਕ ਸਾਲ ਪਹਿਲਾਂ ਖੇੜੀਵਾਲੇ ਬਾਬੇ ਗੁਰਵਿੰਦਰ ਨਾਲ ਹੋਇਆ ਸੀ, ਪਰ ਉਦੋਂ ਤੋਂ ਹੀ ਉਹ ਉਸ ਤੋਂ ਦਾਜ ਦੀ ਮੰਗ ਕਰ ਰਿਹਾ ਹੈ। ਗੁਰਜੀਤ ਕੌਰ ਦਾ ਦੋਸ਼ ਹੈ ਕਿ ਜਵਾਈ ਗੁਰਵਿੰਦਰ ਸਿੰਘ ਕੁਝ ਵਿਅਕਤੀਆਂ ਨਾਲ ਹਮਲਾ ਕੀਤਾ ਅਤੇ ਗੋਲੀਆਂ ਚਲਾਈਆਂ। ਇੱਕ ਗੋਲੀ ਉਸ ਦੇ ਪੱਟ ਵਿੱਚ ਲੱਗੀ। ਉਸ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਉਸ ਦੇ ਜਵਾਈ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ਵਿੱਚ ਦਾਖ਼ਲ ਬਾਬਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਬਿਮਾਰ ਹਨ। ਉਹ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਆਇਆ ਸੀ। ਉਨ੍ਹਾਂ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਹਮਲਾ ਹੋਇਆ। ਉਸ ਦੀ ਬਾਂਹ ਅਤੇ ਲੱਤ ‘ਤੇ ਫਰੈਕਚਰ ਹੋ ਗਿਆ ਹੈ। ਬਾਬਾ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਹੈ। ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਫਤਹਿਗੜ੍ਹ ਸਾਹਿਬ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖੇੜੀਵਾਲੇ ਅਤੇ ਗੁਰਜੀਤ ਕੌਰ ਦੀ ਆਪਸ ਵਿੱਚ ਲੜਾਈ ਹੋ ਗਈ ਸੀ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਜੀਤ ਕੌਰ ਨੂੰ ਗੋਲੀ ਲੱਗੀ ਹੈ ਅਤੇ ਉਸ ਨੂੰ ਸੈਕਟਰ-32 ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਗੋਲੀ ਕਿਸ ਨੇ ਚਲਾਈ ਇਸ ਦੀ ਪੁਲਿਸ ਜਾਂਚ ਕੀਤੀ ਜਾ ਰਹੀ ਹੈ।